[email protected]

ਸੰ. स्वर् ਵ੍ਯ- ਸ੍ਵਰਗ। ੨. ਉੱਤਮ. ਸ਼੍ਰੇਸ੍ਠ. ੩. ਸੰਗ੍ਯਾ- ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪. ਗਾਉਣ ਦੀ ਧੁਨਿ.¹ ਰਾਗ ਦੇ ਮੂਲ ਰੂਪ ਸੱਤ ਸੁਰ. ਸੜਜ. ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ. ਰਾਗ ਦੇ, ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਾਦ ਸੁਰ ਕਲਪਿਆ ਹੈ.² ਜੋ ਸੁਰ ਰਿਖੀਆਂ ਨੇ ਰਾਗ ਵਿਦ੍ਯਾ ਦੇ ਆਰੰਭ ਵਿੱਚ ਥਾਪੇ, ਉਹ ਸ਼ੁੱਧ ਕਹੇ ਜਾਂਦੇ ਹਨ. ਫੇਰ ਪਿੱਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸੁਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸੁਰ ਬਣਾਏ. ਇਨ੍ਹਾਂ ਵਿੱਚੋਂ ਚਾਰ- ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਵਿਕਾਰੀ ਹੋਕੇ ਕੋਮਲ ਹੋ ਜਾਂਦੇ ਹਨ ਅਤੇ ਮਧ੍ਯਮ ਵਿਕ੍ਰਿਤ ਹੋਕੇ ਤੀਵ੍ਰ (ਕੜਾ) ਹੁੰਦਾ ਹੈ. ਇਸ ਹਿਸਾਬ ਅਨੁਸਾਰ ਬਾਰਾਂ (ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ. ਦੇਖੋ, ਠਾਟ. ਕਈ ਅਞਾਣ ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਨੂੰ ਤੀਵ੍ਰ (ਚੜਿਆ), ਮਧ੍ਯਮ ਨੂੰ ਉਤਰਿਆ, ਸੜਜ ਅਤੇ ਪੰਚਮ ਨੂੰ ਅਚਲ ਆਖਦੇ ਹਨ, ਪਰ ਇਹ ਭੁੱਲ ਹੈ. ਅਸਲ ਵਿੱਚ ਆਪਣੀ ਥਾਂ ਇਸਥਿਤ ਇਹ ਸੱਤੇ ਸੁਰ ਸ਼ੁੱਧ ਕਹੇ ਜਾਂਦੇ ਹਨ. ਅਞਾਣਾਂ ਦੀ ਬੋਲੀ ਵਿੱਚ ਜੋ ਅਚਲ ਸੜਜ, ਚੜ੍ਹਿਆ ਰਿਸਭ, ਚੜ੍ਹਿਆ ਗਾਂਧਾਰ, ਕੋਮਲ ਮਧ੍ਯਮ, ਅਚਲ ਪੰਚਮ, ਚੜ੍ਹਿਆ ਧੈਵਤ ਅਤੇ ਨਿਸਾਦ ਹੈ, ਵਿਦ੍ਵਾਨਾਂ ਦੇ ਹਿਸਾਬ ਇਹ ਸੱਤੇ ਸ਼ੁੱਧ ਸੁਰ ਹਨ. ਬਾਕੀ ਪੰਜ ਵਿਕ੍ਰਿਤ ਸੁਰਾਂ ਬਾਬਤ ਉੱਪਰ ਚੰਗੀ ਤਰਾਂ ਦੱਸਿਆ ਗਿਆ ਹੈ. ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ. ਕਈ ਅਗ੍ਯਾਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ. ਇਸ ਗ੍ਰੰਥ ਵਿੱਚ ਲਿਖੇ ਸ਼ੁੱਧ, ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ- ਸ਼ੁੱਧ- ਸ ਰ ਗ ਮ ਪ ਧ ਨ. ਕੋਮਲ- ਰਾ ਗਾ ਧਾ ਨਾ. ਤੀਵ੍ਰ- ਮੀ. ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰਾਂ ਸਮਝ ਲੈਣਾ ਚਾਹੀਏ. ਗ੍ਰਹਸ੍ਵਰ ਉਹ ਹੈ ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ. ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ. ਸੰਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ. ਅਨੁਵਾਦੀ ਉਹ ਹੈ ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇ ਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ. ਵਿਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।³ ੫. ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਸ੍ਵਰ ਹਨ. ¹ਸੰਗੀਤ ਸ਼ਾਸਤ੍ਰ ਨੇ ਸ੍ਵਰ ਦਾ ਅਰਥ ਕੀਤਾ ਹੈ-ਜੋ ਸ੍ਵ (ਆਪਣੇ ਆਪ) ਰ (ਸ਼ੋਭਾਵਾਨ) ਹੋਵੇ. ²पड्जं मयूरा ब्रुवते गावो ऋषम भाषिणाः । अजाविकं तु गान्धारे क्रौञ्चः कराति मध्यमम्॥धैवतंहेषते वाजी निषादं बंृहेतगजः । पुष्पसाधारणो काले पिकः कूजति पञचमम्॥ (ਸੰਗੀਤ ਰਹਸ੍ਯ) ³ਹੈ ਉਤਪਾਦਕ ਰਾਗ ਕੋ ਰੰਜਕ ਭੂਪ ਸਮਾਨ ਵਿਰਾਜਤ ਵਾਦੀ। ਆਠ ਕਿ ਬਾਰਹਿਂ ਕੋ ਫਿਰ ਫੇਰ ਰਹੇ ਸ਼੍ਰੁਤਿ ਮੰਡਲ ਤੋਂ ਸਮਵਾਦੀ। ਸੇਵਕ ਸੋ ਪੁਨ ਆਨ ਸਭੈ ਅਨੁਕੂਲ ਰਹੈ ਸੁਖ ਸੋਂ ਅਨੁਵਾਦੀ. ਅੰਤਰ ਜੌ ਸ਼੍ਰੁਤਿ ਏਕਹਿਂ ਕੋ ਤਬ ਸੋ ਸੁਰ ਹੋਤ ਫਿਸਾਦਿ ਵਿਵਾਦੀ. (ਕੁੰਵਰ ਵਿਕ੍ਰਮ ਸਿੰਘ)

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found