[ਸੰ:। ਸੰਸਕ੍ਰਿਤ, ਅਕਸ਼ਯ=ਉਹ ਚਿੰਨ੍ਹ ਜੋ ਅਵਾਜ਼ ਦੀ ਥਾਂ ਲਿਖਯਾ ਜਾਵੇ, ਵਰਣਮਾਲਾ ਦਾ ਹਰਫ਼]। ੧. ਹਰਫ਼, ਅੱਖਰ। ੨. ਉਪਦੇਸ਼, ਸ਼ਬਦ। ਯਥਾ- ‘ਅਖਰੁ ਨਾਨਕ ਅਖਿਓ ਆਪਿ’ (੧੫੦), ਇਹ ਉਪਦੇਸ਼ ਜਾਂ ਸ਼ਬਦ ਆਪ ਈਸ਼੍ਵਰ ਨੇ ਕਿਹਾ ਹੈ। ਤਥਾ-’ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ’ (੨੬੧), ਪ੍ਰਭੂ ਨੇ ਸ਼ਬਦ ਆਖ ਕੇ ਤ੍ਰਿਭਵਣ ਰਚੇ ਹਨ। ੩. ਨਾਮ ਰੂਪ। ਯਥਾ- ‘ਦ੍ਰਿਸਟਿਮਾਨ ਅਖਰ ਹੈ ਜੇਤਾ’ (੨੬੧), ਜੋ ਦ੍ਰਿਸ਼ਟਮਾਨ ਹੈ ਸਭ ਅੱਖਰਾਂ ਵਿਚ ਹੈ, ਭਾਵ ਉਹ ਨਾਮ ਵਾਲਾ ਹੈ ਤੇ ਨਾਵਾਂ ਵਿੱਚ ਦੱਸੀਦਾ ਹੈ। ੪. ਈਸ਼੍ਵਰ ਰੂਪ (ਅ=ਨਾ+ਖਰ=ਖਰਨਾ, ਜੋ ਨਾ ਖਰੇ)। ਯਥਾ- ‘ਦ੍ਰਿਸਟਿਮਾਨ ਅਖਰ ਹੈ ਜੇਤਾ’ (੨੬੧), ਜੋ ਦ੍ਰਿਸ਼ਟਮਾਨ ਹੈ, ਈਸ਼੍ਵਰ ਰੂਪ ਹੈ। ੫. ਈਸ਼੍ਵਰ ਦਾ ਨਾਮ। ਯਥਾ- ‘ਅਖਰ ਬਿਰਖ ਬਾਗ ਭੁਇ ਚੋਖੀ ਸਿੰਚਤਿ ਭਾਉ ਕਰੇਹੀ’ (੩੫੪), (ਭੁਇੰ ਚੋਖੀ) ਚੰਗੀ ਜ਼ਮੀਨ, ਭਾਵ ਸ਼ੁਭ ਹਿਰਦੇ ਵਿਚ ਈਸ਼੍ਵਰ ਦਾ ਨਾਮ-ਰੂਪ ਬਿਰਖ ਲਾ ਕੇ ਇਸ ਬਾਗ਼ ਨੂੰ ਪ੍ਰੇਮ ਦੇ (ਜਲ) ਨਾਲ ਸਿੰਜਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ