[ਸੰ:। ਸੰਸਕ੍ਰਿਤ, ਕੂਟ = ਪਹਾੜ ਦੀ ਚੋਟੀ, ਕੋਣ = ਕੂਣਾ] ੧. ਕੂਣਾ, ਕੋਣਾ, ਚਾਰ ਕੋਣਾਂ। ਪਹਲੋਂ ਚਾਰ ਦਿਸ਼ਾ ਹਨ-ਪੂਰਬ, ਪੱਛਮ, ਉੱਤਰ, ਦੱਖਣ। ਇਨ੍ਹਾਂ ਚੌਹਾਂ ਦੇ ਵਿਚਕਾਰ ਚਾਰ ਕੋਣਾਂ ਯਾ ਕੂੰਟਾਂ ਹਨ, ਪੂਰਬ ਤੇ ਉੱਤਰ ਦੇ ਵਿਚਕਾਰ ਈਸ਼ਾਣ ਕੋਣ ਹੈ, ਪੂਰਬ ਤੇ ਦੱਖਣ ਦੇ ਵਿਚਕਾਰ ਅਗਨ ਕੋਣ ਹੈ, ਦੱਖਣ ਤੇ ਪੱਛਮ ਦੇ ਵਿਚਕਾਰ ਨੈਰਿਤ ਕੋਣ ਹੈ, ਪੱਛਮ ਤੇ ਉੱਤਰ ਦੇ ਵਿਚਕਾਰ ਵਾਯਵ ਕੋਣ ਹੈ। ਇਨ੍ਹਾਂ ਅੱਠਾਂ ਤੋਂ ਛੁੱਟ ਦੋ ਹੋਰ ਵੀ ਦਿਸ਼ਾਂ ਹਨ, ਸਿਰ ਦੇ ਉੱਪਰ ਦੀ ਦਿਸ਼ਾ ਊਰਧਵ ਹੈ ਤੇ ਪੈਰਾਂ ਦੇ ਹੇਠ ਵੱਲ ਦੀ ਦਿਸ਼ਾ ਅਧੋ ਹੈ। ਏਹ ਸਾਰੀਆਂ ਰਲ ਕੇ ਦਸ ਹਨ। ਚਾਰ ਕੁੰਟ ਤੋਂ ਮਤਲਬ ਚਾਰ ਕੋਣ ਹਨ, ਜੋ ਉਪਰ ਗਿਣੇ ਹਨ। ਦਸ ਦਿਸ਼ਾਂ ਤੋਂ ਮੁਰਾਦ ਚਾਰੇ ਉਹ ਕੋਣਾਂ, ਚਾਰੇ ਦਿਸ਼ਾਂ ਤੇ ਦੋ ਦੂਸਰੀਆਂ ਦਿਸ਼ਾਂ ਹਨ। ਨਵੀਂ ਯੂਰਪੀ ਵੰਡ ਮੂਜਬ ਚਾਰ ਦਿਸ਼ਾਂ ਹਨ ਤੇ ਇਨ੍ਹਾਂ ਦੇ ਵਿਚਕਾਰ ਅੱਠ ਤੇ ਫੇਰ ਅੱਗੋਂ ਕਿੰਨੀਆਂ ਹੋਰ ਵੰਡ ਲੈਂਦੇ ਹਨ। ਯਥਾ- ‘ਚਾਰਿ ਕੁੰਟਿ ਦਹ ਦਿਸਿ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ’ (੧੩੩), ਚਾਰੇ ਲਾਂਭਾਂ ਤੇ ਦਸੋਂ ਦਿਸ਼ਾਂ ਫਿਰ ਆਏ। ੨. [ਸੰਸਕ੍ਰਿਤ, ਕੁੰਡ] ਕੁੰਡ। ਯਥਾ- ‘ਗਰਭ ਕੁੰਟ ਮਹਿ ਉਰਧ ਤਪ ਕਰਤੇ’ (੨੫੧), ਗਰਭ-ਰੂਪੀ ਕੁੰਡ ਵਿਚ।
ਕੁੰਟ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ