[email protected]

[ਸੰ:। ਸੰਸਕ੍ਰਿਤ, ਯੋਗ। ਧਾਤੂ ਯੁਜ੍ਹ੍ਹ=ਜੁੜਨਾ* । ਪੰਜਾਬੀ, ਯੋਗ, ਜੋਗ] ਚਿਤ ਦਾ ਏਕਾਗਰ ਹੋਣਾ, ਚਿਤ ਦੀਆਂ ਬ੍ਰਿਤੀਆਂ ਦਾ ਨਿਰੋਧ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਵਿਧਿ ਅਰ ਨਿਖੇਧੀ ਪਖ ਵਿੱਚ ਦੋਹੀਂ ਥਾਈਂ ਆਯਾ ਹੈ। ਨਿਖੇਧ ਉਥੇ ਹੈ ਜਿਥੇ ਇਸ ਦਾ ਤਾਤਪਰਜ ਆਸਨ ਲਾਉਣੇ, ਨਿਉਲੀ ਕਰਮ ਕਰਨੇ ਤੇ ਸਰੀਰ ਨੂੰ ਕਸ਼ਟ ਦੇਣੇ, ਕੰਨ ਕੱਪਣੇ ਤੇ ਵਹਿਮੀ ਕ੍ਰਿਯਾਂ ਵਿੱਚ ਪੈ ਕੇ ਕੰਨਾਂ ਜਾਂ ਅੱਖਾਂ ਦੀਆਂ ਨਾੜਾਂ ਦੇ ਦਬਾਉ ਤੋਂ ਵਿਲੱਖਣ ਦਸ਼ਾ ਦੀ ਉਤਪਤੀ ਕਰਨੀ, ਤਾਂਤ੍ਰ ਵਿਦ੍ਯਾਨੁਸਾਰ ਯਤਨ ਕਰਨੇ ਜਾਂ ਫੋਕੀ ਕੰਨਾਂ ਦੀ ਘੂੰ ਘੂੰ ਵਿੱਚ ਮਸਤ ਹੋਣਾ ਆਦਿ ਕਈ ਕਲਪਤ ਢੰਗਾਂ ਨੂੰ ਕਰਨਾ ਹੈ। ਜਾਂ ਉਸ ਜੋਗ ਦੀ ਨਿੰਦਾ ਕੀਤੀ ਹੈ ਜੋ ਕੰਨ ਪੜਾ ਕੇ ਸ਼ਰਾਬ ਆਦਿ ਦਾ ਵਰਤਾਵਾ ਕਰਦੇ ਤੇ ਯੋਗੀ ਸਦਾਉਂਦੇ ਹਨ। ਜਿਥੇ ਵਿਧਿ ਪੱਖ ਵਿੱਚ ਆਉਂਦਾ ਹੈ ਉਥੇ ਇਹ ਭਾਵ ਹੁੰਦਾ ਹੈ- ਈਸ਼੍ਵਰ ਦੀ ਆਤਮਕ ਪੂਜਾ, ਈਸ਼੍ਵਰ ਦੇ ਗੁਣਾਨੁਵਾਦ, ਧ੍ਯਾਨ, ਸੰਸਾਰਕ ਵਿਸ਼ੇ ਵਿਕਾਰਾਂ ਤੋਂ ਚਿਤ ਨੂੰ ਉਪ੍ਰਾਮ ਕਰਨਾ। ਇਸ ਵਿੱਚ ਸੰਸਾਰ ਤਿਆਗਣ ਯਾ ਹਠ ਤਪਣ ਜਾਂ ਸਰੀਰ ਨੂੰ ਕਲੇਸ਼ ਦੇਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਸ ਵਿੱਚ ਕੇਵਲ ਸੰਸਾਰਕ ਵਿਕਾਰੀ ਖ਼ੁਸ਼ੀ ਤੇ ਪੀੜਾਂ ਵੱਲੋਂ ਵਿਰੱਕਤ ਚਿਤ ਕਰਕੇ ਪਰਵਿਰਤ ਹੋਈਦਾ ਹੈ ਤੇ ਪ੍ਰਪੰਚ ਵਾਲੇ ਖੋਟੇ ਕਰਮਾਂ ਦਾ ਤਿਆਗ ਕਰਕੇ ਇਕ ਈਸ਼੍ਵਰ ਪਰ ਧ੍ਯਾਨ ਧਰੀਦਾ ਹੈ ਅਰ ਵਿਚਾਰ ਨਾਲ ਬੁਧੀ ਨੂੰ ਉਜਲ ਕਰੀਦਾ ਹੈ, ਵੈਰਾਗ ਸ੍ਰਧਾ ਪ੍ਰੇਮ ਇਸ ਦੇ ਸਾਧਨ ਹਨ। ਕੀਰਤਨ, ਬਾਣੀ, ਸ਼ੁਕਰ, ਬੇਨਤੀ ਇਸ ਦੇ ਉਪਯੋਗੀ ਹਨ। ਨਾਮ ਵਿੱਚ ਲੱਗਣਾ ਇਸ ਦਾ ਮੁਖ ਉਪਰਾਲਾ ਹੈ। ਯਥਾ- ‘ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ’ (੭੩੦), ਕਈ ਥਾਈਂ ਨਾਮ ਦੇ ਜਪਣ ਆਦਿ ਦੀ ਸਹਾਇਤਾ ਵਿੱਚ ਪ੍ਰਾਣਾਯਾਮ ਆਦਿ ਕਰਮਾਂ ਦੀ ਵਿਧਿ ਵੀ ਆਈ ਹੈ। ਯੋਗ ਦਰਸ਼ਨ ਵਿੱਚ ਆਪੇ ਵਿੱਚ ਏਕਾਗਰ ਹੋਣਾ ਯੋਗ ਹੈ। ਭਗਤੀ ਮਾਰਗ ਵਿੱਚ ਵਾਹਿਗੁਰੂ ਵਿੱਚ ਜੁੜਨਾ ਜੋਗ ਹੈ। ਯਥਾ- ‘ਕਬੀਰ ਮੈ ਜਾਨਿਉ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ’ (੧੩੬੬)। *ਯੋਗ ਸ਼ਾਸਤ੍ਰ ਵਾਲੇ ਚਿਤ ਦੇ ਨਿਰੁਧ ਹੋਣ ਨੂੰ ਯੋਗ ਕਹਿੰਦੇ ਹਨ, ਪਰ ਭਗਤੀ ਮਾਰਗ ਵਿੱਚ ਜੋਗ ਸਾਈਂ ਨਾਲ ਜੁੜਨਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found