[ਸੰ:। ਪੰਜਾਬੀ, ਪੌੜ*=ਪੈਰ। ਪੌੜੀ=ਜਿਸ ਪਰ ਪੈਰ ਰੱਖ ਕੇ ਚੜ੍ਹੀਏ] ੧. ਉੱਚੇ ਥਾਉਂ ਚੜ੍ਹਨ ਲਈ ਜੋ ਕ੍ਰਮਵਾਰ ਥੜ੍ਹੀਆਂ ਜਾਂ ਡੰਡੇ ਲਾਏ ਜਾਣ। ਯਥਾ- ‘ਸੰਤ ਕਾ ਮਾਰਗੁ ਧਰਮ ਕੀ ਪਉੜੀ’ (੬੨੨)। ੨. ਭਾਵ ਵਿੱਚ ਭਗਤੀ, ਉਪਦੇਸ਼ ਤੇ ਮਨੁੱਖਾ ਜਨਮ ਰੂਪੀ ਲੈਂਦੇ ਹਨ। ਯਥਾ- ‘ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ’ (੭੯੬)। ੩. ਇਕ ਛੰਦ** ਜੋ ਅਕਸਰ ਵਾਰਾਂ ਆਦਿ ਬਾਣੀਆਂ ਵਿੱਚ ਵਰਤਿਆ ਗਿਆ ਹੈ, ਵਾਰਾਂ ਵਿੱਚ ਪਉੜੀਆਂ ਦੇ ਵਿਚਾਲੇ ਸਲੋਕ ਗਾਯਨ ਦੀ ਮਧੁਰਤਾ ਤੇ ਅਰਥ ਦੀ ਲਾਵੰਨਤਾ ਲਈ ਰੱਖੇ ਗਏ ਜਾਪਦੇ ਹਨ। ਪਉੜੀਆਂ ਸਿਰਲੇਖ ਵਾਲੇ ਮਹਲੇ ਦੀਆਂ ਹੁੰਦੀਆਂ ਹਨ, ਸਲੋਕ ਹੋਰਨਾਂ ਦੇ ਵੀ ਹੁੰਦੇ ਹਨ। ਪਉੜੀ ਦੀ ਅੰਤਲੀ ਤੁਕ ਕਈ ਵੇਰ ਛੋਟੀ ਹੁੰਦੀ ਹੈ। ੪. [ਸੰਸਕ੍ਰਿਤ, ਪਾਦ। ਪੰਜਾਬੀ, ਪਉੜੀ] ਸ਼ਬਦਾਂ ਦੇ ਹਿੱਸਿਆਂ ਨੂੰ ਵੀ ਬੋਲਚਾਲ ਵਿੱਚ ‘ਪਉੜੀ’ ਆਖਦੇ ਹਨ। ਜੈਸੇ ਜਪੁਜੀ, ਅਨੰਦ ਦੀਆਂ ਪਉੜੀਆਂ। ਦੇਖੋ, ‘ਪਾਵੜੀਆ’ *ਹੁਣ ਤੱਕ ਘੋੜੇ ਦੇ ਪੈਰਾਂ ਵਾਸਤੇ ਪੌੜ ਪਦ ਬੋਲਦੇ ਹਨ%**ਕਵਿ ਰਾਮਦਾਸ ਨੇ ਇਕ ਸੀੜ੍ਹੀ ਛੰਦ ਲਿਖਿਆ ਹੈ-[੧੩+੧੦=] ੨੩ ਮਾਤ੍ਰਾਂ ਦਾ ਜੋ ਅਕਸਰ ੬+੨+੫, ੨+੪+੪ ਦੀ ਵੰਡ ਨਾਲ ਰਚੀਦਾ ਹੈ। ਇਹੋ ਪਉੜੀ ਹੈ: ਇੰਨੀਆਂ ਮਾਤ੍ਰਾਂ ਦਾ ਹੀ ਮੋਹਨ ਯਾ ਨਿਸ਼ਾਨੀ ਛੰਦ ਹੁੰਦਾ ਹੈ [੧੩+੧੦]। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਉੜੀ ਵਜ਼ਨ ਦੇ ਲਿਹਾਜ਼ ‘ਤੇ ਕਈ ਕਿਸਮ ਦੀ ਹੈ, ਨਿਰੀ ੨੩ ਮਾਤ੍ਰਾਂ ਦੀ ਨਹੀਂ। ਦਸਮ ਗ੍ਰੰਥ ਦਾ ਸਿਰਖੰਡੀ ਛੰਦ ਵੀ ਪਉੜੀਆਂ ਕਿਹਾ ਜਾਂਦਾ ਹੈ : ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ’, ਭਾਈ ਗੁਰਦਾਸ ਦੀਆਂ ਵਾਰਾਂ ਵੀ ਪਉੜੀਆਂ ਵਿੱਚ ਹਨ। ਪੁਰਾਤਨ ਢਾਢੀ, ਵਾਰਾਂ [=ਜੰਗ ਦੇ ਗੀਤ] ਪਉੜੀਆਂ ਵਿੱਚ ਹੀ ਲਿਖ੍ਯਾ ਕਰਦੇ ਸਨ, ਜੋ ਵਜ਼ਨ ਵਿੱਚ ਕਈ ਪ੍ਰਕਾਰ ਦੀਆਂ ਹੁੰਦੀਆਂ ਸਨ, ਪਰ ਅਕਸਰ ੨੩ ਮਾਤ੍ਰਾਂ ਦੀਆਂ। ।
ਪਉੜੀ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ