[ਸੰਖ: ਵਾ:। ਸੰਸਕ੍ਰਿਤ] ੧. ਪੰਜ ਪ੍ਰਕਾਰ ਦੇ ਵਾਜੇ-ਵੀਣਾ ਯਾ ਸਤਾਰ, ਢੋਲ, ਛੈਣੇ, ਨਗਾਰਾ, ਤੂਤੀ, ਯਾ ਜ਼ਰਾ ਫਰਕਵੇਂ, ਪੰਜ ਤਰ੍ਹਾਂ ਦੇ ਵਾਜੇ ਜੋ ਖ਼ੁਸ਼ੀਆਂ ਦੇ ਸਮੇਂ ਲਾਗੀ ਲੋਕ ਲੋਕਾਂ ਦੇ ਘਰੀਂ ਆ ਕੇ ਵਜਾਉਂਦੇ ਹਨ। ੨. ਚਿਤ ਬ੍ਰਿਤੀ ਦੇ ਏਕਾਗਰ ਕਰਨ ਵਾਲੇ ਦੱਸਦੇ ਹਨ ਕਿ ਬ੍ਰਹਿਮੰਡ ਵਿੱਚ ਇਕ ਅਰੂਪ ਨਾਦ ਹੈ ਜੋ ਇਹਨਾਂ ਸਾਡੇ ਕੰਨਾਂ ਦਾ ਵਿਸ਼ਾ ਨਹੀਂ, ਪਰ ਆਤਮਾ ਦੇ ਅਨੁਭਵ ਦੀ ਸ਼ੈ ਹੈ। ਇਹ ਜੋ ਰਾਗ ਅਸੀਂ ਗਾਂਦੇ ਹਾਂ ਇਸ ਦਾ ਮੂਲ ਉਸ ਅਰੂਪ ਅਵਸਥਾ ਵਿੱਚ ਹੈ, ਉਹ ਸ਼ਬਦ ਐਸੀ ਧੁਨੀ ਦਾ ਹੈ ਜਿਕੂੰ ਸਾਡੇ ਲੋਕਾਂ ਦੇ ਪੰਜ ਪ੍ਰਕਾਰ ਦੇ ਵਾਜੇ ਦੀ ਧੁਨਿ ਹੁੰਦੀ ਹੈ। ਇਹ ਜੋ ਉਸ ਦੇ ਸੰਮਿਲਵੀਂ ਧੁਨਿ ਵਿੱਚ ਪੰਜ ਪ੍ਰਕਾਰ ਦੀਆਂ ਅਡ-ਅਡ ਧੁਨਾਂ ਦੇ ਮੇਲ ਦਾ ਆਭਾਸ ਪੈਂਦਾ ਹੈ, ਇਸ ਕਰਕੇ ਉਸ ਨੂੰ ਪੰਜ ਸ਼ਬਦ ਕਹਿੰਦੇ ਹਨ। ਕੰਨਾਂ ਦੀ ਘੂੰ-ਘੂੰ ਦਾ ਕੰਨਾਂ ਵਿੱਚ ਉਂਗਲਾਂ ਦੇ ਕੇ ਸੁਣਨਾ, ਉਹ ਪੰਜ ਸ਼ਬਦ ਨਹੀਂ ਹੈ ਜੋ ਗੁਰਬਾਣੀ ਵਿੱਚ ਆਇਆ ਹੈ। ੩. ਇਕ ਪ੍ਰਕਾਰ ਦੇ ਸੰਗੀਤਕ ਮੇਲਾਉ ਤੇ ਇਕ ਸ੍ਵਰਤਾ* ਤੋਂ ਵੀ ਭਾਵ ਹੈ। ਯਥਾ- ‘ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਨੀ’ (੧੩੫੦), ਤਥਾ-’ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ’ (੭੬੪)। *Harmony.
ਪੰਚ ਸਬਦ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ