[email protected]

[ਸੰ:। ਸੰਸਕ੍ਰਿਤ, ਮਨਸ੍ਹ੍ਹ। ਮਨ੍ਹ੍ਹ= ਗ੍ਯਾਨੇ, ਧਾਤੂ ਹੈ] ੧. ਮਨ ਦਾ ਅਰਥ ਹੈ, ਸਾਰੀਆਂ ਦਿਮਾਗ਼ੀ ਤਾਕਤਾਂ, ਗ੍ਯਾਨ ਸ਼ਕਤੀਆਂ। ਸੰਕਲਪ, ਵਿਕਲਪ, ਸਮਝ, ਬੂਝ, ਸਿਆਣ, ਹਿੱਸ, ਇੱਛਾ, ਵਿਚਾਰ, ਅੰਤਹਕਰਣ ਆਦਿਕ ਸਾਰੇ ਮਨ ਵਿਚ ਆ ਜਾਂਦੇ ਹਨ। ਮਨ ਅਸਲ ਵਿਚ ਆਤਮਾ ਅਤੇ ਇੰਦ੍ਰਿਆਂ ਦੇ ਵਿਚਕਾਰ ਇਕ ਚੇਤਨ ਸੱਤ੍ਯਾ ਦਾ ਰੂਪ ਜਿਹਾ ਹੈ। ਇਕ ਬਿਰਤੀ ਹੈ, ਜਿਸ ਦੁਆਰਾ ਗ੍ਯਾਨੇਂਦ੍ਰਿਆਂ ਦੇ ਵਸੀਲੇ ਪ੍ਰਤੀਤ ਹੋਣ ਵਾਲੇ ਪਦਾਰਥ, ਆਤਮਾ ਉਤੇ ਪ੍ਰਤੀਤੀ ਦਾ ਅਸਰ ਕਰਦੇ ਹਨ ਯਾ ਗਿਆਨ ਪਾਉਂਦੇ ਹਨ। ਇਸ ਤਰ੍ਹਾਂ ‘ਮਨ’ ਆਤਮਾ ਤੋਂ ਵੱਖਰਾ ਪ੍ਰਤੀਤ ਦੇਂਦਾ ਹੈ।*ਯਥਾ- ‘ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ’ (੧੩੬੨), ਭਾਵ ਜਦ ਆਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਤਾਂ ਮਨ ਪਿੱਛੇ ਰਹਿ ਗਿਆ। ਤਥਾ-’ਮਨੁ ਦੇ ਰਾਮੁ ਲੀਆ ਹੈ ਮੋਲਿ’ (੩੨੭), ਦੇਣ ਵਾਲਾ ਆਤਮਾ, ਜੋ ਦਿੱਤਾ ਗਿਆ ਸੋ ਮਨ, ਜੋ ਲੀਤਾ ਸੋ ਰਾਮ। ਤਥਾ-’ਮਨ ਕਾ ਜੀਉ ਪਵਨ ਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ’ (੫੯੮)। ਸੂਚਨਾ-ਜੀਉ ਤੋਂ ਮੁਰਾਦ ਸਰੂਪ ਯਾ ਆਸਰੇ ਦੀ ਹੈ। ਪਵਨ ਤੋਂ ਮੁਰਾਦ ਪ੍ਰਾਣ ਤੇ ਪ੍ਰਾਣਾਂ ਵਾਲੇ ਸਰੀਰ ਦੀ ਹੈ। ਦੇਹੀ = ਦੇਹ ਵਾਲਾ-ਆਤਮਾ (ਦੇਖੋ, ‘ਦੇਹੀ’) ਦੇਉ = ਦੇਵ, ਪਰਮਾਤਮਾ। ਅਰਥ-ਮਨ ਦਾ ਆਸਰਾ ਪ੍ਰਾਣ ਹੈ (ਤੇ ਮਨ ਦਾ) ਮਾਲਕ ਆਤਮਾ ਹੈ ਤੇ ਆਤਮਾ ਵਿਚ ਸਮਾ ਰਿਹਾ ਹੈ ਪਰਮਾਤਮਾ, ਸੋ ਤਰਤੀਬ ਦੇਈਏ ਤਾਂ ਐਉਂ ਹੈ-ਪ੍ਰਾਣਾਂ (ਵਾਲਾ ਸਰੀਰ), ਮਨ, ਆਤਮਾ, ਪਰਮਾਤਮਾ। ਤਥਾ-’ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥ ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ’ (੧੩੩੦), ਜਦ ਮਨ ਪਰਮਾਤਮਾ ਵਿਚ ਲਿਵ ਦੁਆਰਾ ਲਗ ਜਾਵੇ ਤਾਂ ਮਨ ਜੋਗੀ ਹੈ, ਜਦ ਇੰਦ੍ਰਿਆਂ ਦੁਆਰਾ ਭੋਗਾਂ ਵਿਚ ਲੱਗੇ ਤਾਂ ਭੋਗੀ ਹੈ, ਅਰਥਾਤ ਮਨ ਦੇ ਇਕ ਪਾਸੇ ਪਰਮਾਤਮਾ ਹੈ ਤੇ ਇਕ ਪਾਸੇ ਇੰਦਰੇ ਤੇ ਇੰਦ੍ਰਿਆਂ ਦੇ ਭੋਗ ਹਨ। ੨. ਇਉਂ ਮਨ ਆਤਮਾ ਤੋਂ ਅੱਗੇ ਆਤਮਾ ਦਾ ਇਕ ਮਾਨੋ ਮੁਨੀਬ ਹੈ, ਜਿਸ ਦੀ ਚੇਤਨ ਸੱਤਾ ਆਤਮਾ ਤੋਂ ਹੀ ਆਉਂਦੀ ਹੈ। ਦੂਜੇ ਪਾਸੇ ‘ਮਨ’ ਗਿਆਨ ਇੰਦਰਿਆਂ ਦੁਆਰਾ ਦਿੱਸਦੇ ਜਗਤ ਦੇ ਗਿਆਨ ਨੂੰ ਆਪਣੇ ਵਿਚ ਲੈਂਦਾ ਹੈ, ਇਨ੍ਹਾਂ ਦੀ ਵਲ ਖਿੱਚ ਖਾਂਦਾ ਹੈ, ਪਦਾਰਥਾਂ ਤੇ ਭੋਗਾਂ ਵਲ ਰੁਖ਼ ਰੱਖਦਾ ਹੈ। ਇਨ੍ਹਾਂ ਦੇ ਹਾਨ ਤੋਂ ਦੁਖੀ, ਪ੍ਰਾਪਤੀ ਤੋਂ ਸੁਖੀ ਹੁੰਦਾ ਹੈ। ਜੇਕਰ ਏਹ ਇਨ੍ਹਾਂ ਤੋਂ ਵੈਰਾਗ ਕਰੇ ਅਰ ਅਭਿਆਸ ਨਾਲ ਇੰਦ੍ਰਿਆਂ ਤੋਂ ਆਪੇ ਨੂੰ ਉੱਚਾ ਕਰੇ ਤਾਂ ਮਾਨੋ ਇਸ ਦਾ ਟਿਕਾਉ ਹੈ, ਯਾ ਇਕ ਤਰ੍ਹਾਂ ਅਭਾਵ ਹੈ ਤੇ ਸ਼ੁੱਧ ਚੇਤਨ ਸੱਤਾ ਦਮਕਦੀ ਹੈ। ਮਨ ਜਦ ਐਉਂ ਆਪੇ ਨੂੰ ਉੱਚਾ ਕਰੇ ਤਦ ਇਸ ਪੂਰਨ ਨਿਰੁਧ ਅਵਸਥਾ ਵਿਚ ਮਨ ਨੂੰ ਹੀ ਜੋਤ ਸਰੂਪ ਆਖਿਆ ਹੈ-’ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ (੪੪੧), ਅਰਥਾਤ ਤ੍ਰਿਸ਼ਨਾ ਤੋਂ ਛੁਟ ਕੇ ਲਿਵ ਦੁਆਰਾ ਆਪੇ ਵਿਚ ਆ, ਆਪੇ ਵਿਚ ਆਇਆ ਮਨ ਫਿਰ ਨਿਰੀ ਚੇਤਨਤਾ ਹੈ ਜੋ ਜ੍ਯੋਤ ਸਰੂਪ ਹੈ। ੩. ਮਨ ਵਿਚ ਇੱਛਾ ਸ਼ਕਤੀ ਵੱਸਦੀ ਹੈ। ਯਥਾ- ‘ਮਨ ਇਛਿਅੜਾ ਫਲੁ ਪਾਈਐ ਰਾਮ’ (੫੭੮), ਅਰਥਾਤ ਮਨ ਇੱਛਿਆ ਕਰਦਾ ਹੈ, ਇੱਛਿਆ ਕਰਨਾ ਮਨ ਦਾ ਇਕ ਧਰਮ ਹੈ, ਇਸ ਇੱਛਿਆ ਕਰਕੇ ਮਨ ਪਦਾਰਥਾਂ ਦੀ ਰੁਚੀ ਅਰੁਚੀ ਵਿਚ ਫਸਦਾ ਹੈ। ਇਹ ਅਵਸਥਾ ਮਨ ਦੇ ਖਿੰਡਾਉ ਯਾ ਵਿਖੇਪ ਦੀ ਹੈ, ਜਦ ਕੱਠਾ ਹੁੰਦਾ ਹੈ ਤਾਂ ਖਿੰਡਾਉ ਹਰਦਾ ਹੈ ਤੇ ਮਨ ਉੱਚਾ ਉਠਦਾ ਹੈ, ਇਸ ਤਰ੍ਹਾਂ ਮਨ ਦੇ ਦੋ ਰੂਪ ਕਹੇ ਹਨ-’ਇਨਮਨ’ (ਯਾ ਇਹ ਮਨ) ਤ ‘ਉਨਮਨਿ’ (੩੩੩), ਅਰਥਾਤ ਇਹ ‘ਮਾਮੂਲੀ ਮਨ’ ਤੇ ‘ਉੱਚਾ ਹੋਇਆ ਮਨ’। ਯਥਾ- ‘ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ’ (੩੪੨), ਇਹ ਉਨਮਤ ਹੋਏ ਮਨ ਬਾਬਤ ਕਿਹਾ ਹੈ। ੪. ਜਦੋਂ ਕੋਈ ਆਪਣੀ ਮੈਂ ਆਪਣੇ ਮਨ ਵਿਚ ਹੀ ਪ੍ਰਤੀਤ ਕਰਦਾ ਹੈ ਤਾਂ ਸਾਧਾਰਨ ਅਵਸਥਾ ਹੈ, ਪਰ ਜਦ ਮਨ ਚੰਗਾ ਟਿਕ ਕੇ, ਆਪਾ ਵੱਖਰਾ ਪ੍ਰਤੀਤ ਦੇਂਦਾ ਹੈ, ਤਦ ਇਸ ਅਵਸਥਾ ਨੂੰ ਮਨ ਵਿਚ ਮਨ ਦਾ ਪ੍ਰਗਟ ਹੋਣਾ ਯਾ ਪ੍ਰਤੀਤ ਦੇਣਾ ਆਦਿ ਤਰੀਕੇ ਨਾਲ ਵਰਣਨ ਕੀਤਾ ਹੈ। ਯਥਾ- ‘ਮਨ ਮਹਿ ਮਨੁ ਉਲਟੋ ਮਰੈ’, ਅਰਥਾਤ ਮਨ ਉਲਟ ਕੇ (ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਕੇ) ਚੇਤਨਤਾ ਵਿਚ ਲੀਨ ਹੋਵੇ ਤਾਂ। ਇਥੇ ਇਕ ਮਨ ਦਾ ਅਰਥ ਤਾਂ ਮਨ ਹੈ, ਪਰ ਦੂਸਰੇ ਦਾ ਅਰਥ ਮਨ ਦੇ ਪਿਛੇ ਸੁਧ ਚੇਤਨ ਸੱਤਾ ਤੋਂ ਮੁਰਾਦ ਹੈ। ਤਥਾ-’ਮਨ ਮਹਿ ਮਨੂਆ ਚਿਤ ਮਹਿ ਚੀਤਾ॥ ਐਸੇ ਹਰਿ ਕੇ ਲੋਗ ਅਤੀਤਾ’ (੧੧੮੯), ਤਥਾ-’ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ’ (੫੮), ਇਸੇ ਖ਼ਿਆਲ ਨੂੰ ਮਨ ਦੀ ਥਾਂ ‘ਘਰ’ ਪਦ ਵਰਤ ਕੇ ਦੱਸਿਆ ਹੈ। ਤਥਾ-’ਘਰ ਮਹਿ ਘਰੁ ਜੋ ਦੇਖਿ ਦਿਖਾਵੈ’ (੧੧੮੯)। ੫. ਵੈਸੇ ਵਾਹਿਗੁਰੂ ਦੀ ਵਿਆਪਕਤਾ ਕਰਕੇ ਮਨ ਵਿਚ ਵਾਹਿਗੁਰੂ ਹੈ ਤੇ ਵਾਹਿਗੁਰੂ ਵਿਚ ਮਨ ਹੈ। ਯਥਾ- ‘ਮਨ ਮਹਿ ਆਪਿ ਮਨ ਅਪੁਨੇ ਮਾਹਿ’ (੨੭੯), ਤਥਾ-’ਮਨ ਮਹਿ ਜੋਤਿ ਜੋਤਿ ਮਹਿ ਮਨੂਆ’ (੮੭੯)। ੬. ਇਕ ਤਰ੍ਹਾਂ ਮਨ ਦੇ ਦੋ ਹੋਰ ਤਬਕੇ ਵੀ ਆਖੇ ਹਨ, ਏਥੇ ਇਕ ਮਨ ਤੋਂ ਮੁਰਾਦ ਬੁਧੀ ਹੈ, ਇਕ ਤੋਂ ਮਨ। ‘ਮਨ’ ਹਰ ਪਿਆਰੀ ਸ਼ੈ ਵੱਲ ਧਾਂਵਦਾ ਹੈ, ‘ਬੁਧੀ’ ਵਿਵੇਚਨਾ ਕਰਦੀ ਹੈ ਕਿ ਜਿਧਰ ਮਨ ਧਾਇਆ ਹੈ, ਕੀ ਸਚਮੁਚ ਉਹ ਚੰਗੀ ਵੀ ਹੈ ਕਿ ਨਹੀਂ। ਮਨ ਪ੍ਰੇਯ (ਪਿਆਰੀ ਲਗੀ) ਵਲ ਦੌੜਦਾ ਹੈ। ਬੁਧੀ ਵਿਵੇਚਨਾ ਕਰਦੀ ਹੈ ਕਿ ਇਹ ਪ੍ਰੇਯ ਲਗੀ ਸ਼ੈ ਸ਼੍ਰੋਯ (ਚੰਗੀ) ਵੀ ਹੈ ਕਿ ਨਹੀਂ। ਮਨ ਦੀਆਂ ਇਨ੍ਹਾਂ ਦੋ ਤਾਕਤਾਂ ਪਰ ਕਿਹਾ ਹੈ-’ਮਨ** ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ’ (੫੮੭)। ਇਸ ਤਰ੍ਹਾਂ ਮਨ ਤੇ ਬੁਧੀ ਦੋ ਅਲੱਗ ਅਲੱਗ ਹਨ। ਦੋਹਾਂ ਨੂੰ ਅਲੱਗ ਅਲੱਗ ਸਪਸ਼ਟ ਬੀ ਦੱਸਿਆ ਹੈ। ਯਥਾ- ‘ਮਨੁ ਬੁਧਿ ਅਰਪਿ ਧਰਉ ਗੁਰ ਆਗੈ’ (੮੩੪)। ਭਲੇ ਪੁਰਖ ਦੀ ਜ਼ਮੀਰ ਜਦ ਮਨ ਨੂੰ ਸਾਧਦੀ ਹੈ ਤਾਂ ਉਸ ਪਰ ਵੀ ਕਿਹਾ ਹੈ-’ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ’ (੮੭)। ਮਨ, ਜਿਨ੍ਹਾਂ ਬਿਰਤੀਆਂ ਦਾ ਅਸਥਾਨ ਹੈ, ਕੁਛ ਕੁ ਐਉਂ ਦੱਸੀਆਂ ਹਨ : (ੳ) ਆਸ। ਯਥਾ- ‘ਮਨਿ ਆਸ ਉਡੀਣੀ’ (੪੫੨)। (ਅ) ਇਛਾ। ਯਥਾ- ‘ਮਨ ਇਛ ਪਾਈਐ’ (੫੭੮), ਤਥਾ-’ਮਨ ਕੀਆ ਇਛਾ ਪੂਰੀਆ’ (੩੪)। (ੲ) ਸਮਝ। ਯਥਾ- ‘ਮਨ ਸਮਝੁ ਛੋਛਿ’ (੮੬੨)। (ਸ) ਮਨਸਾ। ਯਥਾ- ‘ਮਨਸਾ ਮਨਹਿ ਸਮਾਇਲੇ’ (੪੧੯)। (ਹ) ਹਠ। ਯਥਾ- ‘ਮਨ ਹਠਿ ਮਤੀ ਬੂਡੀਐ’ (੨੦)। (ਕ) ਕ੍ਰੋਧ। ਯਥਾ- ‘ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ’ (੪੪੫)। (ਖ) ਖ਼ਿਆਲ। ਯਥਾ- ‘ਮਨ ਕੇ ਅਧਿਕ ਤਰੰਗ’ (੧੦੮੮)। (ਗ) ਸੁਭਾਉ। ਯਥਾ- ‘ਮਨ ਕਾ ਸੁਭਾਉ’ (੧੧੨੯)। (ਘ) ਅਹੰਕਾਰ। ਯਥਾ- ‘ਮਨ ਕਹ ਅਹੰਕਾਰਿ ਅਫਾਰਾ’ (੫੩੦)। (ਙ) ਲੋਭ। ਯਥਾ- ‘ਮਨ ਕਹਾ ਲੁਭਾਈਐ’ (੧੨੦੮)। (ਚ) ਵਾਸ਼ਨਾ। ਯਥਾ- ‘ਮਨ ਕੀ ਬਾਸਨਾ ਮਨ ਤੇ ਟਰੈ’ (੨੭੪)। (ਛ) ਦੁਬਿਧਾ (ਸੰਸੇ ਬਿਰਤੀ)। ਯਥਾ- ‘ਮਨ ਕੀ ਦੁਬਿਧਾ ਬਿਨਸਿ’। (੧੬੮) (ਜ) ਮਤਿ, (ਸਲਾਹ) ਰੁਚੀ। ਯਥਾ- ‘ਮਨ ਕੀ ਮਤਿ ਤਿਆਗਹੁ’। (੨੦੯) (ਝ) ਵੀਚਾਰ। ਯਥਾ- ‘ਮਨ ਕੈ ਵੀਚਾਰਿ’ (੧੧੨੮)। (ਞ) ਚਿੰਤਨ। ਯਥਾ- ‘ਮਨ ਚਿੰਤਤ ਸਗਲੇ’ (੩੯੫)। (ਟ) ਚਾਉ। ਯਥਾ- ‘ਮਨਿ ਚਾਉ ਘਨੇਰਾ’ (੭੬੪)। (ਠ) ਬੁਧੀ ਯਾ ਵਿਵੇਚਨਾ ਸ਼ਕਤੀ ਵਾਲਾ ਮਨ (ਜ਼ਮੀਰ)। ਯਥਾ- ‘ਮਨੁ ਤਾਰਾਜੀ ਚਿਤੁ ਤੁਲਾ’ (੭੩੧)। (ਡ) ਪ੍ਰੀਤ। ਯਥਾ- ‘ਮਨ ਮਹਿ ਪ੍ਰੀਤਿ’ (੨੭੪)। ੭. [ਅ:। ਅਰਬੀ, ਮਨਾਅ। ਹਿੰਦੀ, ਮਤ = ਨਹੀਂ] ਨਹੀਂ। ਯਥਾ- ‘ਮਨ ਅਸਵਾਰ ਜੈਸੇ ਤੁਰੀ ਸੀਗਾਰੀ’ (੧੯੮), ਅਰਥਾਤ ਨਹੀਂ ਹੈ ਜੋ ਅਸਵਾਰ ਉਸ ਨੂੰ ਤੁਰੀ ਸੀਗਾਰੀ ਦਾ ਕੀ ਮੇਲ। ੮. [ਫ਼ਾਰਸੀ, ਮਨ = ਮੈਂ] ਮੈਂ। ਯਥਾ- ‘ਮਨ ਕਮੀਨ ਕਮਤਰੀਨ’। (੧੨੯੧) ੯. [ਅਰਬੀ, ਮਨ =] ੪੦ ਸੇਰ ਦਾ ਇਕ ਤੋਲ। ਯਥਾ- ‘ਮਨ ਦਸ ਨਾਜੁ ਟਕਾ ਚਾਰਿ ਗਾਂਠੀ’ (੧੨੫੧)। ੧੦. ਮਣਾ ਮੂੰਹ। ਯਥਾ- ‘ਮੈਂ ਅਵਗਣ ਮਨ ਮਾਹਿ ਸਰੀਰਾ’ (੧੧੮੯), ਮਣਾ ਮੂੰਹ ਔਗੁਣ ਹਨ ਮੇਰੇ ਸਰੀਰ ਵਿਚ। ੧੧. ਇਕ ਤੀਰਥ ਦੇ ਨਾਉਂ ਦਾ ਮੁੱਢ ਹੈ, ਉਸ ਤੀਰਥ ਦਾ ਨਾਮ ਮਨੀਕਰਣ। ਯਥਾ- ‘ਮਨ ਕਾਮਨਾ ਤੀਰਥ ਦੇਹ ਛੁਟੈ’ (੨੬੫), ਮਨੀਕਰਣ ਤੀਰਥ ਤੇ ਜੇ ਦੇਹ ਛੁਟੇ*** । ੧੨. ਕਿਤੇ ਮਨ ਦਾ ਅਰਥ ਅੰਤਹਕਰਣ ਕਰਦੇ ਹਨ। ਯਥਾ- ‘ਮਨਿ ਬਚਨਿ ਰਿਦੈ ਧਿਆਇ’ (੬੬੯)। ੧੩. [ਕ੍ਰਿ:। ਪੰਜਾਬੀ] ਮੰਨ ਲੈਣ ਵਾਲਾ। ਯਥਾ- ‘ਮਨਿ ਲੇਤਾ ਮੁਕਤਾ’ (੮੦੯)। ੧੪. ਸ਼ਿਰੋਮਣਿ। *ਸ਼ਾਸਤ੍ਰਕਾਰਾਂ ਦੇ ਮਤਾਂ ਵਿਚ ਜੋ ‘ਮਨ’ ਬਾਬਤ ਭਿੰਨ ਭਿੰਨ ਖ਼ਿਆਲ ਹਨ, ਇਸ ਪ੍ਰਕਾਰ ਹਨ :%ਸਾਂਖ ਵਿਚ, ਮਨ ਅੰਦਰਲਾ ਇੰਦਰੈ ਹੈ, ਜੋ ਗਿਆਨ ਤੇ ਕਰਮ ਇੰਦ੍ਰਿਆਂ ਦੇ ਵਿਚਕਾਹੇ ਹੈ ਤੇ ਦੋਹਾਂ ਦਾ ਸਾਂਝੀਵਾਲ ਹੈ, ਗਿਣਤੀ ਵਿਚ ਇਹ ਯਾਰ੍ਹਵਾਂ ਇੰਦਰਾ ਹੈ। ਇਸ ਦਾ ਧਰਮ ਹੈ ਸੰਕਲਪ (ਫ਼ੈਸਲਾ ਕਰਨਾ), ਵਿਕਲਪ (ਸੰਸਾ ਕਰਨਾ)। ਇਸ ਦਾ ਸੰਬੰਧ ਬੁਧੀ ਨਾਲ ਵੀ ਹੈ, ਜਿਸ ਦਾ ਕੰਮ ਹੈ-ਵ੍ਯਵਸਾਯ (ਨਿਸਚੇ %(ਬਾਕੀ ਅਗਲੇ ਪੰਨੇ ‘ਤੇ )% (ਪਿਛਲੇ ਪੰਨੇ ਦਾ ਬਾਕੀ ਫੁਟਨੋਟ )%ਕਰਨਾ) ਅਤੇ ਇਸ ਦਾ ਸੰਬੰਧ ਅਹੰਕਾਰ ਨਾਲ ਵੀ ਹੈ, ਜਿਸ ਦਾ ਕੰਮ ਹੈ-ਅਭਿਮਾਨ ਅਰਥਾਤ-ਮੈ,-ਦੀ ਲੱਖਤਾ। ਸਾਂਖ ਨੇ ਮਨ ਨੂੰ ਬੁਧੀ ਦਾ ਹੀ ਇਕ ਰੂਪ ਮੰਨਿਆ ਹੈ। ਬੁਧੀ ਨੂੰ ਉਸ ਨੇ ‘ਮਹਤ’ ਕਿਹਾ ਹੈ, ਜਿਸ ਤੋਂ ਅਹੰਕਾਰ ਤੇ ਮਨਸ੍ਹ੍ਹ ਨਿਕਲੇ।%ਯੋਗ ਤੇ ਵੇਦਾਂਤ ਦੋਹਾਂ ਵਿਚ, ਮਨ ਨੂੰ ਬੁਧੀ ਤੇ ਅਹੰਕਾਰ ਦੇ ਨਾਲ ਇਕ ਹੋਰ ਨਾਲ ਸੰਬੰਧਤ ਦੱਸਿਆ ਹੈ, ਉਸ ਦਾ ਨਾਮ ‘ਚਿੱਤ’ ਹੈ, ਜੋ ਵੀਚਾਰ ਦਾ ਇੰਦਰੈ ਹੈ, ਅਰ ਜਿਸ ਦਾ ਕੰਮ ਹੈ ਅਨੁਸੰਧਾਨ (ਪੜਤਾਲ)।%ਵੇਦਾਂਤ ਵਿਚ ਸੁਖ ਤੇ ਦੁਖ ਆਦਿਕ ਮਨ ਦੇ ਧਰਮ ਮੰਨੇ ਹਨ, ਆਤਮਾ ਨਿਰਗੁਣ ਹੈ। ਸੰਕਲਪ ਤੇ ਵਿਕਲਪ (ਸਾਂਖ ਵਾਂਙੂ) ਮਨ ਦੇ ਹੀ ਕੰਮ ਮੰਨੇ ਹਨ, ਬੁਧੀ ਦਾ ਕੰਮ ਮੰਨਿਆ ਹੈ ਨਿਸਚ੍ਯ। ਮਨ ਤੇ ਬੁਧੀ ਦੇ ਨਾਲ ਸ਼ਾਮਲ ਮੰਨੇ ਹਨ ਅਹੰਕਾਰ ਤੇ ਚਿੱਤ। ਇਸ ਤਰ੍ਹਾਂ ਅੰਦਰਲੇ ‘ਪ੍ਰਤੀਤੀ’ ਵਾਲੇ ਨੂੰ ਉਹਨਾਂ ਚਤੁਸ਼ਟਯ ਅੰਤਹਕਰਣ ਆਖਿਆ ਹੈ-ਮਨ, ਬੁਧ, ਚਿਤ, ਅਹੰਕਾਰ।%ਨ੍ਯਾਯ ਵਿਚ, ਮਨ ਇਕ ਦ੍ਰਵਯ ਮੰਨਿਆ ਹੈ, ਜੋ ਪ੍ਰਮਾਣੂ ਰੂਪ ਹੈ ਤੇ ਨਿੱਤ ਹੈ। ਮਨ ਸੁਖ ਦੁਖ ਆਦਿਕਾਂ ਦੇ ਗਿਆਨ ਦਾ ਸਾਧਨ ਹੈ; ਸੁਖ ਆਦਿਕ ਗੁਣ ਆਤਮਾ ਦੇ ਮੰਨੇ ਹਨ। ਨ੍ਯਾਯ ਵਿਚ ਇਹ ਵੀ ਮੰਨਿਆ ਹੈ ਕਿ ਮਨ ਕਿਸੇ ਇਕ ਸਮੇਂ ਵਿਚ ਇਕ ਤੋਂ ਵਧੀਕ ਖ਼ਿਆਲ ਨੂੰ ਨਾਲੋ ਨਾਲ ਪੈਦਾ ਨਹੀਂ ਕਰ ਸਕਦਾ।%ਵੈਸ਼ੇਸ਼ਕ ਨੇ ਮਨ ਨੂੰ ਅਪ੍ਰਤਕਸ਼ ਦ੍ਰਵ੍ਯ ਮੰਨਿਆ ਹੈ। ਸੰਖਿਆ, ਪਰਿਣਾਮ, ਪ੍ਰਿਥਕੁਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤਵ ਅਤੇ ਸੰਸਕਾਰ ਇਸ ਦੇ ਗੁਣ ਦੱਸੇ ਹਨ। ਮਨ ਦਾ ਰੂਪ ਇਸ ਨੇ ਅਣੂ ਮੰਨਿਆ ਹੈ। ਧਰਮ ਇਸ ਨੇ ਵੀ ਸੰਕਲਪ ਵਿਕਲਪ ਮੰਨਿਆ ਹੈ ਤੇ ਕਰਮ ਤੇ ਗਿਆਨ ਇੰਦਰਿਆਂ ਦੇ ਇਸ ਨੂੰ ਵਿਚਕਾਹੇ ਮੰਨਿਆ ਹੈ।%ਬੋਧ ਮਤ ਵਾਲੇ ਮਨ ਨੂੰ ਛੇਵਾਂ ਇੰਦ੍ਰਯ ਮੰਨਦੇ ਹਨ ਤੇ ਅਥਰਵ ਵੇਦ (੧੯-੯-੫) ਵਿਚ ਵੀ ਪੰਜ ਇੰਦ੍ਰਯ ਦੀ ਗਿਣਤੀ ਮਗਰੋਂ ਛੇਵਾਂ ਮਨ ਨੂੰ ਗਿਣਿਆ ਹੈ।%ਸਾਰੀ ਕਿਸਮ ਦੀ ਹਿੰਦੀ ਫ਼ਿਲਾਸਫ਼ੀ ਦਾ ਇਹ ਨਿਚੋੜ ਜ਼ਰੂਰ ਹੈ ਕਿ ਮਨ ਨੂੰ ਸਭਨਾਂ ਨੇ ਪੁਰਖ ਯਾ ਆਤਮਾ ਤੋਂ ਵੱਖਰਾ ਮੰਨਿਆ ਹੈ%**ਕਈ ਗਿਆਨੀ ਏਥੇ ਮਨ ਦਾ ਅਰਥ ਮੰਤ੍ਰ ਵੀ ਕਰਦੇ ਹਨ।%***ਇਸ ਤੁਕ ਦਾ ਇਕ ਹੋਰ ਅਰਥ ਵੀ ਕਰਦੇ ਹਨ-ਮਨ ਵਿਚ ਹੋਣ ਕਾਮਨਾ ਤੇ ਸਰੀਰ ਛੁਟੇ ਤੀਰਥ ਉਤੇ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found