[email protected]

[ਸੰ:। ਸੰਸਕ੍ਰਿਤ, ਮੁਕ੍ਹ੍ਹਤਿ:] ੧. ਛੁਟਕਾਰਾ, ਖਲਾਸੀ। ੨. ਆਖ਼ਰੀ ਛੁਟਕਾਰਾ ਜੋ ਰੂਹ (ਜੀਵਾਤਮਾ) ਨੂੰ ਸਰੀਰ ਤੋਂ ਪ੍ਰਾਪਤ ਹੁੰਦਾ ਹੈ, ਜਿਸ ਤੋਂ ਮਗਰੋਂ ਫੇਰ ਕੋਈ ਸਰੀਰ ਨਾ ਧਾਰੇ। ੩. ਸ਼ਾਸਤ੍ਰਕਾਰਾਂ ਨੇ ਇਸ ਸਰੀਰ ਨੂੰ ਦੁੱਖ ਰੂਪ ਮੰਨਿਆ ਹੈ, ਇਸ ਕਰਕੇ ਇਸ ਤੋਂ ਛੁਟਕਾਰੇ ਦਾ ਨਾਮ ਮੁਕਤੀ ਰੱਖਿਆ ਹੈ, ਪਰ ਹਰੇਕ ਦੇ ਆਦਰਸ਼ ਵਿੱਚ ਥੋੜ੍ਹਾ-ਥੋੜ੍ਹਾ ਫ਼ਰਕ ਹੈ-੧. ਮੀਮਾਂਸਾ ਵਾਲੇ ਸੁਰਗਾਂ ਵਿੱਚ ਅੱਪੜ ਜਾਣ ਨੂੰ ਮੁਕਤੀ ਮੰਨਦੇ ਹਨ। ੨-੩. ਨ੍ਯਾਯ ਤੇ ਵੈਸ਼ੇਸ੍ਹ੍ਹਕ ਮੱਤ ਵਾਲੇ ਆਪਣੇ ਗਿਣੇ ਦੁੱਖਾਂ ਤੋਂ ਛੁੱਟ ਜਾਣ ਨੂੰ ਮੁਕਤੀ ਦੱਸਦੇ ਹਨ। ੪. ਸਾਂਖ ਵਾਲੇ ਪ੍ਰਕ੍ਰਿਤੀ ਤੋਂ ਪੁਰਖ ਦਾ ਆਪਣੇ ਆਪ ਨੂੰ ਅਸੰਗ ਜਾਣਨਾ ਮੁਕਤੀ ਦੱਸਦੇ ਹਨ। ੫. ਯੋਗ ਮੱਤ ਵਿੱਚ ਸਬੀਜ ਨਿਰਬੀਜ ਸਮਾਧੀ ਦੁਆਰਾ ਪੁਰਖ ਦਾ ਆਪਣੇ ਆਪ ਨੂੰ ਦ੍ਰਿਸ਼ਟਮਾਨ ਤੋਂ ਕੈਵਲ ਕਰ ਲੈਣਾ ਮੁਕਤਿ ਹੈ। ੬. ਵੇਦਾਂਤ ਦਾ ਆਪਣੇ ਆਪ ਨੂੰ ਬ੍ਰਹਮ ਨਾਲ ਅਭੇਦ ਜਾਣ ਲੈਣਾ (ਗਿਆਨ ਦੁਆਰੇ) ਮੁਕਤਿ ਹੈ। ੭. ਚਾਰਵਾਕੀਏ ਜੋ ਰੂਹ ਨੂੰ ਮੰਨਦੇ ਹੀ ਨਹੀਂ, ਦੇਹ ਦੇ ਮਰ ਜਾਣ ਨੂੰ ਹੀ ਮੁਕਤੀ ਮੰਨਦੇ ਹਨ। ੮. ਬੋਧੀ ਆਪਣੀ ਮੁਕਤੀ ਨੂੰ ਨਿਰਬਾਣ ਦੱਸਦੇ ਹਨ, ਜੋ ਸਰਬ ਇੱਛਾ ਦੇ ਤਿਆਗ ਤੋਂ ਤੇ ਅੱਠ ਗੁਣਾਂ ਦੇ ਧਾਰਨ ਤੋਂ ਲੱਭਦੀ ਹੈ, ਇਕ ਪੱਖ ਵਿੱਚ ਨਿਰਬਾਣ ਸਮਾਪਤੀ ਦਾ ਨਾਮ ਹੈ, ਇਸ ਵਿੱਚ ਸਾਂਖ ਦੇ ਨੇੜੇ-ਨੇੜੇ ਢੁੱਕਦਾ ਹੈ। ਜੈਨ ਮੱਤ ਵਿੱਚ ਉੱਚੇ ਲੋਕਾਂ ਵਿੱਚ ਚਲੇ ਜਾਣਾ ਮੁਕਤੀ ਹੈ। ਇਹਨਾਂ ਅਰ ਇਸ ਪ੍ਰਕਾਰ ਦੀਆਂ ਮੁਕਤੀਆਂ ਵਿੱਚ ਸੰਭਾਵਨਾ ਇਹ ਰੱਖੀ ਗਈ ਹੈ ਕਿ ਇਹ ਸਰੀਰ ਦੁੱਖ ਰੂਪ ਹੈ, ਇਸ ਦੇ ਦੁੱਖਾਂ ਨੂੰ ਦੇਖ ਕੇ ਦੁੱਖਾਂ ਦੀ ਨਵਿਰਤੀ ਲੱਭਣ ਦਾ ਜਤਨ ਹੋਇਆ ਹੈ, ਆਪਣੇ ਆਪਣੇ ਨੁਕਤੇ ਤੋਂ ਸਭਨਾਂ ਨੇ ਇਹਨਾਂ ਦੁੱਖਾਂ ਤੋਂ ਛੁਟਕਾਰੇ ਨੂੰ ਮੁਕਤੀ ਮੰਨਿਆ ਹੈ। ਸਾਂਖ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਮੁਕਤੀ ਨੂੰ ਸੁੱਖ ਰੂਪ ਕਹਿਣਾ ਐਵੇਂ ਰੁਚੀ ਦੇਣੀ ਹੈ, ਦੁੱਖ ਦੀ ਨਵਿਰਤੀ ਹੀ ਮੁਕਤੀ ਹੈ, ਮਾਨੋਂ ਕਿਸੇ ਬੇਵੱਸੇ ਕਾਰਣ ਤੋਂ ਯਾ ਅਚਾਨਕ ਇਹ ਰਚਨਾ ਹੋ ਗਈ ਹੈ, ਇਸ ਕਰਕੇ ਇਸ ਤੋਂ ਛੁੱਟੋ ਤੇ ਛੁੱਟਣ ਵਾਸਤੇ ਰਸਤਾ ਇਹੀ ਲੱਭਾ ਕਿ ਇਸ ਸਰੀਰ ਤੇ ਇੰਦ੍ਰੀਆਂ ਤੇ ਇੰਦ੍ਰੈ ਜਨ ਗਿਆਨ ਨੂੰ ਅਲੱਗ ਕੀਤਾ ਜਾਵੇ ਤੇ ਜ਼ਿੰਦਗੀ ਦੇ ਹਿੱਸੇ (ਪੁਰਖ) ਨੂੰ ਅਲੱਗ। ਯਹੂਦੀ, ਈਸਾਈ ਤੇ ਮੁਸਲਮਾਨ ਆਦਿ ਪੱਛਮੀ ਲੋਕਾਂ ਦੀ ਮੁਕਤੀ, ਸੁਰਗ ਦੀ ਪ੍ਰਾਪਤੀ ਹੈ। ਇਕ ਦਿਨ, ਜਿਸ ਨੂੰ ਉਹ ਕਿਆਮਤ ਕਹਿੰਦੇ ਹਨ, ਆਵੇਗਾ, ਉਸ ਦਿਨ ਮੁਰਦੇ ਕਬਰਾਂ ਵਿੱਚੋਂ ਫੇਰ ਜੀਅ ਉਠਣਗੇ ਤੇ ਫੇਰ ਸਦਾ ਜੀਉਣਗੇ, ਮਾੜੇ ਨਰਕਾਂ ਵਿੱਚ ਤੇ ਚੰਗੇ ਸੁਰਗਾਂ ਵਿੱਚ* । ਮੁਸਲਮਾਨਾਂ ਨੇ ਕਰਮ ਪ੍ਰਧਾਨ ਤੇ ਨਾਲ ਹਜ਼ਰਤ ਮੁਹੰਮਦ ਦੀ ਸਿਫ਼ਾਰਸ਼ ਇਸ ਦਾ ਵਸੀਲਾ ਮੰਨਿਆ ਹੈ। ਈਸਾਈਆਂ ਨੇ ਹਜ਼ਰਤ ਈਸਾ ਉੱਤੇ ਅਤੇ ਉਸ ਦੇ ਮੁੜ ਜੀਅ ਉਠਣ ਉੱਤੇ ਈਮਾਨ ਲਿਆਉਣਾ ਵਸੀਲਾ ਮੰਨਿਆ ਹੈ** । ਪਰੰਤੂ ਮੁਸਲਮਾਨ ਸੂਫ਼ੀਆਂ ਤੇ ਈਸਾਈ ਮਿਸਟਕਾਂ (ਫ਼ਕੀਰਾਂ) ਦੀ ਮੁਕਤੀ ਕੁਛ-ਕੁਛ ਵੈਸ਼ਨਵਾਂ ਤੇ ਕੁਛ-ਕੁਛ ਵੇਦਾਂਤ ਨਾਲ ਆ ਟੱਕਰਦੀ ਹੈ। ਪੱਛਮੀ ਦਾਰਸ਼ਨਿਕ ਵਿਦਿਆ ਵਾਲੇ, ਪਲਾਤੂਸ, ਕੈਂਟ, ਸ਼ਾਪਨਹ੍ਯੂਰ ਆਦਿ ਵੇਦਾਂਤ ਵਾਲੇ ਸਰੂਪ ਦੇ ਲਾਗੇ ਆਉਂਦੇ ਹਨ। ਪੂਰਨ ਤਿਆਗ ਤੇ ਉਦਾਸੀਨਤਾ ਜਿਹੀ ਦਾ ਨਕਸ਼ਾ ਬਣਦਾ ਹੈ। ਇਸ ਪ੍ਰਕਾਰ ਦੀਆਂ ਮੁਕਤੀਆਂ ਦੇ ਖ਼ਿਆਲ ਪਰ ਜਾਪਦਾ ਹੈ ਕਿ ਸਤਿਗੁਰਾਂ ਨੇ ਲਿਖਿਆ ਹੈ : ‘ਮੁਕਤਿ ਬਪੁੜੀ ਭੀ ਗਿਆਨੀ ਤਿਆਗੇ’ (੧੦੭੮), ਏਸੇ ਕਿਸਮ ਦੀ ਮੁਕਤੀ ਪਰ ਇਕ ਹੋਰ ਗੁਰਵਾਕ ਹੈ :-’ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ’ (੫੩੪)। ਇਸੇ ਤੁਕ ਵਿੱਚੋਂ ਗੁਰੂ ਜੀ ਦੀ ਮੁਕਤਿ ਦਾ ਆਦਰਸ਼ ਲੱਭਦਾ ਹੈ, ਉਹ ਇਹ ਹੈ ਕਿ ਵਾਹਿਗੁਰੂ ਨਾਲ ਪਿਆਰ ਪੈ ਜਾਣ ਨੂੰ ਉਹ ਮੁਕਤਿ ਦੱਸਦੇ ਹਨ। ਯਥਾ- ‘ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ’ (੭੯੬), ਜਿਸ ਦੀ ਲਿਵ ਲੱਗੀ ਇਕ ਵਾਹਿਗੁਰੂ ਨਾਲ, ਜੋ ਸਦਾ ਰਹਿੰਦਾ ਹੈ, ਉਸ ਦੇ ਨਾਲ, ਅੰਤਰ ਆਤਮੇ, ਸੋਈ ਮੁਕਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ ਨੂੰ ਕਰਤਾ ਤੇ ਕਾਦਰ ਦੱਸਿਆ ਹੈ, ਸ੍ਰਿਸ਼ਟੀ ਉਸ ਦੀ ਕ੍ਰਿਤ ਦੱਸੀ ਹੈ, ਜੀਵ ਉਸੇ ਤੋਂ ਰਚੇ ਦੱਸੇ ਹਨ, ਮਨੁੱਖ ਉਸ ਤੋਂ ਹੋਣ ਕਰਕੇ ਉਸ ਦਾ ਹੈ, ‘ਕਹੁ ਕਬੀਰ ਇਹੁ ਰਾਮ ਕੀ ਅੰਸੁ’ (੮੭੧), ਉਸ ਦੀ ਅੰਸ਼ ਉਸ ਦੇ ਨਾਲ ਰਹਿਣ ਕਰਕੇ ਸ਼ੁੱਧ ਰਹਿੰਦੀ ਹੈ, ਉਸ ਤੋਂ ਵਿਛੜ ਕੇ ਦ੍ਰਿਸ਼ਟਮਾਨ ਵਿੱਚ ਖਚਤ ਹੁੰਦੀ ਹੈ, ਫੇਰ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਸੋ ਵਿਛੋੜਾ ਉਸ ਤੋਂ ਜਿਸ ਦੀ ਕਿ ਇਹ ਅੰਸ਼ ਹੈ, ਦੁੱਖਾਂ ਦਾ ਹੇਤੂ ਹੈ ਤਾਂਤੇ ਵਿਛੋੜੇ ਦਾ ਦੂਰ ਕਰਨਾ ਸਦਗਤੀ ਤੇ ਕਲਿਆਣ ਹੈ। ਵਿਛੋੜੇ ਦੀ ਦੂਰੀ ਦਾ ਰੂਪ ਹੈ, ਅੰਤ੍ਰਾਤਮੇ ਸਦਾ ਸਾਈਂ ਦੇ ਨਾਲ ਰਹਿਣਾ ਯਾ ਇਉਂ ਕਹੋ ਕਿ ਲਿਵ ਵਿੱਚ ਰਹਿਣਾ। (ਦ੍ਰਿਸ਼੍ਟਾਂਤ : ਜੀਕੂੰ ਮਾਂ ਤੋਂ ਵਿਛੜ ਕੇ ਬਾਲਕ ਮੇਲੇ ਵਿੱਚ ਗੁਆਚਿਆ ਹੋਇਆ ਮੇਲੇ ਦੇ ਰੰਗ ਤਮਾਸ਼ਿਆਂ ਵਿੱਚ ਭੀ ਦੁਖੀ ਹੈ, ਪਰ ਮਾਂ ਦੀ ਉਂਗਲ ਫੜੀ ਟੁਰੀ ਜਾਂਦਾ, ਮੇਲੇ ਦੇ ਗਰਦ ਗੁਬਾਰ, ਭੀੜ ਤੋਂ ਭੀ ਦੁਖਿਤ ਨਹੀਂ ਹੁੰਦਾ) ਇਸ ਮੁਕਤੀ ਦਾ ਸਾਧਨ ਹੈ ਪ੍ਰੇਮ, ਪ੍ਰੇਮ ਦਾ ਸਾਧਨ ਹੈ ਵਾਹਿਗੁਰੂ ਦੇ ਗੁਣਾਂ ਦਾ ਸਿਮਰਨ, ਵਾਹਿਗੁਰੂ ਦੇ ਸਰੂਪ ਦਾ ਚਿੰਤਨ, ਇਸ ਤੋਂ ਲਿਵ ਤੇ ਫੇਰ ਇਕ ਰਸ ਨਿਰੰਤਰੀ ਸਦਾ ਮੇਲ। ਇਸ ਦੇਹ ਵਿੱਚ ਜੋ ਇਸ ਅਵਸਥਾ ਵਿੱਚ ਹੈ, ਉਹ ਵੀ ਮੁਕਤਿ ਹੈ, ਉਸ ਨੂੰ ਜੀਵਨ ਮੁਕਤ ਭੀ ਕਿਹਾ ਹੈ, ਕਈ ਇਕ ਲੱਛਣ ਦਿੱਤੇ ਹਨ, ਜੋ ਉੱਪਰ ਦੱਸੇ ਹਨ, ਕੁਝ ਇਹ ਹਨ : ‘ਪ੍ਰਭੁ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ’ (੨੭੫), ਜੀਵਨ ਮੁਕਤੀ ਵਾਲਾ, ਜੀਵ ਦਾ ਅੰਦਰਲਾ, ਨਿਰਾਸਤਾ ਢਹਿੰਦੀਆਂ ਕਲਾਂ ਵਿੱਚ ਨਹੀਂ ਹੁੰਦਾ। ਜੀਵਨ ਮੁਕਤ, ਰਚਨਾ ਦੀ ਸੁੰਦਰਤਾ ਦੇ ਵਿਸਮਾਦੀ ਚਾਉ ਤੋਂ ਉੱਠਦਾ ਤੇ ਇਕ ਉੱਚੀ ਠੰਢੀ, ਟਿਕਾਉ, ਅਨੰਦ ਜਿਹੀ ਹਾਲਤ ਵਿੱਚ ਜੀਵਨ ਬਤੀਤ ਕਰਦਾ ਹੈ। ਜੋ ਸਰੀਰ ਛੱਡ ਕੇ ਵਾਹਿਗੁਰੂ ਵਿੱਚ ਸੱਚਾ ਮੇਲ ਹੋਣਾ ਹੈ, ਉਹ ਅਕਥਨੀਯ ਹੈ, ਪਰ ਕਈ ਇਕ ਰੂਪਕ ਇਸ ਦੇ ਬੀ ਗੁਰਬਾਣੀ ਵਿੱਚ ਸੁਗਮ ਕਰਨ ਲਈ ਦਿੱਤੇ ਹਨ। ੪. [ਸੰਸਕ੍ਰਿਤ, ਮੁਕ਼ਤਾ=ਮੋਤੀ] ਮੋਤੀ। ਯਥਾ- ‘ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ’ (੭੦੦)। ੫. ਖ਼ਾਲੀ, ਰਹਿਤ। ਯਥਾ- ‘ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ’ (੫੧)। *(ੳ) ਦੇਖੋ, ਕੁਰਾਨ, ਸੁਪਾਰਾ ੧੨, ਰ: ੯ (ਕਿਆਮਤ ਦੇ ਦਿਨ ਕਾਫ਼ਰ ਨਰਕਾਂ ਨੂੰ ਤੇ) ਵੁਹ ਲੋਗ ਜੋ ਸਈਦ (ਮੋਮਨ) ਹੋਂਗੇ ਵੁਹ ਜੱਨਤ (ਬਹਿਸ਼ਤ) ਮੇਂ ਹੋਂਗੇ ਔਰ ਵੁਹ ਉਸ ਮੇਂ ਦਾਖ਼ਲ ਹੋਨੇ ਕੇ ਬਾਦ ਹਮੇਸ਼ਾ ਹਮੇਸ਼ਾ ਰਹੇਂਗੇ ਜਬ ਤਕ ਆਸਮਾਨ ਵ ਜ਼ਮੀਨ ਕਾਇਮ ਹੈ।%(ਅ) ੧. ਕੁਰਿੰਤੀਆਂ ਬਾਬ ੧੫.੫੩ ਨਰਸਿੰਗਾ ਫੂੰਕਾ ਜਾਏਗਾ, ਔਰ ਮੁਰਦੇ ਗੈਰਫਾਨੀ ਹਾਲਤ ਮੇਂ ਜੀ ਉਠੇਂਗੇ%**੧. ਕੁਰਿੰਤੀ ਬਾਬ ੧੫. ਸਾਰਾ, ਇਸ ਵਿੱਚ ‘ਖ਼ੁਦਾ ਸਭ ਮੇਂ ਸਭ ਕੁਛ ਹੋਵੇ’ ਵੇਦਾਂਤਕ ਕਨਾਯਾ ਵੀ ਹੈ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found