[ਸੰ:। ਦੇਖੋ, ‘ਮਦੀਰੇ’] ਢੋਲ। ਯਥਾ- ‘ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ’ (੧੩੭੦), ਭਾਵ ਗਿਆਨ ਦਾ ਢੋਲ ਮੋਢੇ ਪਰ ਰਖ ਕੇ ਢੰਡੋਰਾ ਦਿੱਤਾ ਹੈ। ਤਥਾ-’ਅਣਮੜਿਆ ਮੰਦਲੁ ਬਾਜੈ’ (੬੫੭), ਗੁਰੂ ਰੂਪੀ ਢੋਲ ਜੋ ਕਿ ‘ਸੰਸਾਰ ਪ੍ਰੀਤ’ ਤੋਂ ਅਣਮੜ੍ਹੇ ਹਨ, ਵੱਜ ਰਹੇ ਹਨ। ਅਥਵਾ ਦਸਮ ਦਵਾਰ ਰੂਪ ਅਨਮੜ੍ਹਿਆ ਢੋਲ ਵੱਜ ਰਿਹਾ ਹੈ, ਭਾਵ ਜੋ ਮੜ੍ਹਿਆ ਹੋਵੇ, ਜਿਕੂੰ ਢੋਲ ਚਮੜੇ ਨਾਲ ਮੜ੍ਹਿਆ ਹੁੰਦਾ ਹੈ, ਤਾਂ ਜੋ ਸ਼ਬਦ ਹੋਵੇ ਉਹ ‘ਅਨਾਹਤ’ ਸ਼ਬਦ ਹੋਵੇ, ਜੋ ਚੋਟ ਨਾਲ ਵਜਦਾ ਹੈ। ਏਥੇ ਅਣਮੜ੍ਹਿਆ ਪਦ ਹੈ, ਭਾਵ ਇਹ ਕਿ ਜੋ ਸ਼ਬਦ ਇਸ ਤੋਂ ਹੋਊ ਉਹ ਚੋਟ ਤੋਂ ਬਿਨਾ ‘ਅਨਾਹਤ’ ਹੋਊ ਤੇ ਆਤਮ ਦੇਸ਼ ਦਾ ਕੌਤਕ ਹੋਊ। ਕੰਨ ਜਿਸ ਘੂੰ ਘੂੰ ਨੂੰ ਸੁਣਦੇ ਹਨ, ਉਹ ਅਣਮੜ੍ਹੇ ਢੋਲ ਦਾ ਸ਼ਬਦ ਨਹੀਂ, ਕਿਉਂਕਿ ਕੰਨਾਂ ਦਾ ਸੁਣਨ ਵਾਲਾ ਪਰਦਾ ਢੋਲ ਦੇ ਮੜ੍ਹ ਵਰਗਾ ਹੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ