[ਸੰ:। ਸੰਸਕ੍ਰਿਤ, ਸ਼ਬਦ=ਅਵਾਜ਼। ਪ੍ਰਾਕ੍ਰਿਤ, ਸਦ। ਪੰਜਾਬੀ, ਸਬਦ, ਸਦ] ੧੯੪ ੧. ਸ਼ਬਦ ਦੇ ਅਪਣੇ ਪਹਿਲੇ ਅਰਥ ਕੇਵਲ-ਅਵਾਜ਼-ਹਨ। ਵ੍ਯਾਕਰਨ ਵਾਲੇ ਪਦ ਯਾ ਲਫ਼ਜ਼ ਨੂੰ ਸ਼ਬਦ ਆਖਦੇ ਹਨ। ਇਸਦੇ ਓਹ ਦੋ ਰੂਪ ਮੰਨਦੇ ਹਨ-ਇਕ ਅਵਾਜ਼ ਰੂਪ ਜੋ ਬੋਲੀਦਾ ਹੈ, ਦੂਜਾ ਲਿਖ ਕੇ ਜੋ ਅੱਖਰਾਂ ਦਾ ਰੂਪ ਰੱਖਦਾ ਹੈ। ਯਥਾ- ‘ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ’ (੧੧੩੧), ਮੇਰਾ ਰੱਬ ਐਸਾ ਗੁਣਾਂ ਦਾ ਦਾਤਾ ਹੈ ਕਿ ਲਫ਼ਜ਼ ‘ਅਵਗੁਣ’ ਨੂੰ ਹੀ ਸਾੜ ਸੁੱਟਦਾ ਹੈ। ਤਥਾ-’ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ’ (੪੬੮), ਨਾਮ ਜਪਣ ਵਾਲਾ ਆਸ ਤੇ ਅੰਦੇਸੇ ਤੋਂ ਪਵਿੱਤ੍ਰ ਹੋ ਜਾਏ (ਤੇ ਹਉਮੈ ਦਾ ਅਭਾਵ ਐਨਾ ਕਰੇ ਕਿ) ਹਉਮੈ ਦਾ ਲਫ਼ਜ਼ ਹੀ ਸਾੜ ਦੇਵੇ, ਭਾਵ ਉਸ ਦੇ ਬਖ਼ਸ਼ੇ ਗੁਣ ਦੇ ਆਯਾਂ ਅਵਗੁਣ ਦਾ ਪਦ ਹੀ ਅਭਾਵ ਹੋ ਜਾਂਦਾ ਹੈ। ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਬਦ, ਬਹੁਤਾ ਤਾਂ-ਨਾਮ-ਦੇ ਅਰਥਾਂ ਵਿੱਚ ਆਯਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਦਾ ਅਰਥ ਹੈ, ਸੋਈ-ਸਬਦ-ਦਾ ਅਰਥ ਹੈ। ਯਥਾ- ‘ਘੜੀਐ ਸਬਦੁ ਸਚੀ ਟਕਸਾਲ’ (੮), ਤਥਾ-’ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ’ (੯੧੯), ਨਾਮ-ਰੂਪੀ ਸੋਹਿਲਾ ਜੋ ਸਦਾ ਸੁਹਣਾ ਹੈ, ਸਤਿਗੁਰੂ ਨੇ ਸੁਣਾਇਆ ਹੈ। ਤਥਾ-’ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ’ (੯੨੦), ਨਾਮ ਤੋਂ ਬਿਨਾ ਹੋਰ ਅਰਥਾਂ ਵਿੱਚ ਵੀ ਆਯਾ ਹੈ, ਪਰ ਬਹੁਤ ਥਾਈਂ ਨਹੀਂ। ੩. ਨਾਮ ਤੋਂ ਵਧੇਰੇ ਹੋਰ ਸੁਭ ਸਿਖ੍ਯਾ ਦੇ ਗੁਰੂ ਵੱਲੋਂ ਮਿਲੇ ਉਪਦੇਸ਼ ਨੂੰ ਵੀ-ਸਬਦ-ਆਖਿਆ ਹੈ। ਯਥਾ- ‘ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ’ (੬੪੪), ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਨਾਮ ਪ੍ਰਗਟ ਹੁੰਦਾ ਹੈ, ਉਪਦੇਸ਼ ਦੁਆਰਾ ਹੀ (ਵਾਹਿਗੁਰੂ) ਮੇਲ ਮਿਲਾਇਆ (ਕਰਦਾ ਹੈ)। ੪. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਮਹਲਿਆਂ ਦੇ ਸਿਰਨਾਵੇਂ ਤੋਂ ਲੈ ਛੇਕੜਲੀ ਤੁਕ ਵਿੱਚ ਨਾਨਕ, ਯਾ ਭਗਤਾਂ ਦੇ ਨਾਮ ਵਾਲੇ, ਯਾ ਉਞ ਲੇਖ ਹਨ, ਉਨ੍ਹਾਂ ਨੂੰ ਸਬਦ ਆਖੀਦਾ ਹੈ। ਯਥਾ- ‘ਮਾਰੂ ਮਹਲਾ ੧’ ਪਹਿਲੇ ਚਉਪਦੇ ਵਿੱਚ ਸਲੋਕ ਮਗਰੋਂ ‘ਸਬਦ’* । (੯੮੯)। ੫. ਇਸੀ ਤਰ੍ਹਾਂ ਸਿਖੀ ਦੀ ਬੋਲ ਚਾਲ ਵਿੱਚ ਇਨ੍ਹਾਂ ਸ਼ਬਦਾਂ ਦੇ ਰਾਗ ਵਿੱਚ ਗਾਇਨ ਨੂੰ ਵੀ ਸਬਦ ਕਹਿੰਦੇ ਹਨ, ਜਿਵੇਂ ਸਬਦ ਕੀਰਤਨ ਕਰੋ। ਗੁਰੂ ਜੀ ਆਪ ਕਹਿੰਦੇ ਹਨ-’ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ’ (੯੧੬), ਹੇ ਗੁਰ ਸਿਖੋ (ਸਬਦ) ਗੁਰੂ ਕੀ ਬਾਣੀ ਦਾ ਕੀਰਤਨ ਸਿਖੋ। ਦਸੀਦਾ ਹੈ ਕਿ ਇਹ ਵਾਕ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ, ਜਦੋਂ ਰਬਾਬੀ ਰੁੱਸ ਗਏ ਸਨ। ਤਥਾ-’ਸਬਦ ਤਰੰਗ ਪ੍ਰਗਟਿਤ ਦਿਨ ਆਗਰ’ (੧੪੦੪), ਦਿਨ ਚੜ੍ਹਨ ਤੋਂ ਪਹਿਲਾਂ ਕੀਰਤਨ ਦੀ ਲਹਰ (ਸਤਿਸੰਗ) ਵਿੱਚ ਪ੍ਰਗਟ ਹੋ ਜਾਂਦੀ ਹੈ, (ਜਿਵੇਂ ਹਰਿਮੰਦਰ ਵਿੱਚ)। ੬. ਕਿਤੇ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਧ, ਗੁਰੂ ਜੀ ਦੇ ਸਬਦ ਬਾਬਤ ਪ੍ਰਸ਼ਨ ਕਰਦੇ ਹਨ। ਉਨ੍ਹਾਂ ਦਾ ਮਤਲਬ ਕਿਤੇ ਕੰਨਾਂ ਦੇ ਉਸ ਸਨਾਟੇ ਤੋਂ ਹੁੰਦਾ ਹੈ ਜੋ ਏਕਾਂਤ ਯਾ ਕੰਨ ਮੁੰਦਿਆਂ ਯਾ ਖ਼ੁਸ਼ਕੀ ਵਾਲੇ ਪਦਾਰਥਾਂ ਦੇ ਸੇਵਨ ਕੀਤਿਆਂ ਸੁਣੀਦਾ ਹੈ। ਇਹ ਸਬਦ ਆਹਤ ਹੈ ਤੇ ਸਿਧ ਇਸ ਨੂੰ ਅਨਾਹਤ ਕਹਿੰਦੇ ਹਨ। ਕਿਤੇ ਸਿਧਾਂ ਦਾ ਭਾਵ ਅਨਾਹਤ ਸਬਦ ਦੀ ਪ੍ਰਾਪਤੀ ਦਾ ਸਾਧਨ ਕੰਨਾਂ ਦੀ ਅਵਾਜ਼ ਹੁੰਦਾ ਹੈ, ਪਰ ਗੁਰੂ ਜੀ ਪ੍ਰਾਪਤੀ ਲਈ ਨਾਮ ਸਿਮਰਨ ਦਾ ਹੀ ਉਪਦੇਸ਼ ਕਰਦੇ ਹਨ। ਕਿਤੇ ਸਿਧ ਅਨਾਹਤ ਨੂੰ ਸਾਧਨ ਨਾਲ ਪ੍ਰਾਪਤ ਹੋਣ ਵਾਲਾ ਦੱਸਦੇ ਹਨ। ਗੁਰੂ ਜੀ ਦੀ ਸਦਾ ਟੇਕ ਮੇਹਰ ਪਰ ਹੈ। ਸੋ ਸਿਧਾਂ ਦਾ ਸਬਦ ਪਦ ਦਾ ਵਰਤਾਉ ਉਨ੍ਹਾਂ ਦੇ ਆਪਣੇ ਸਬਦ ਆਦਰਸ਼ ਦਾ ਅਰਥ ਰੱਖਦਾ ਹੈ ਤੇ ਗੁਰੂ ਜੀ ਅਕਸਰ ਉਸ ਸਬੰਧੀ ਉਨ੍ਹਾਂ ਦੇ ਉਸ ਵੇਲੇ ਦੇ ਭ੍ਰਮ ਨੂੰ ਉਥੇ ਹੀ ਕੱਟਦੇ ਹਨ। ੧੯੫ ੭. ਪਰ ਗੁਰੂ ਜੀ ਜਦ ਸਿੱਧਾਂ ਨੂੰ ਉੱਤਰ ਦੇਂਦੇ ਹਨ ਤਾਂ ਅਕਸਰ ਸਬਦ ਤੋਂ ਮੁਰਾਦ ‘ਨਾਮ’ ਦੀ ਹੁੰਦੀ ਹੈ, ਯਾ ਸਬਦ ਤੋਂ ਮੁਰਾਦ ‘ਬ੍ਰਹਮ’ ਦੀ ਹੁੰਦੀ ਹੈ, ਯਾ ਵਾਹਿਗੁਰੂ ਵਿੱਚ ਲਿਵਲੀਣ ਅਵਸਥਾ ਤੋਂ ਭਾਵ ਹੁੰਦਾ ਹੈ। ਕਿਤੇ ਵਾਹਿਗੁਰੂ ਦੇ ਆਪਣੇ ਉਚਾਰੇ ਸਬਦ ਤੋਂ ਯਾ ਵਾਹਿਗੁਰੂ ਜੀ ਦੇ ਆਤਮ ਮੰਡਲ ਦੇ ਕੀਰਤਨ ਤੋਂ ਹੁੰਦਾ ਹੈ, ਜਿਸ ਦਾ ਲੱਛਣ ਓਹ ਆਪ ਐਸ ਪ੍ਰਕਾਰ ਕਰਦੇ ਹਨ : ਯਥਾ- ‘ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ’ (੯੪੪), ਜਿਸ ਸਬਦ ਨੂੰ ਗੁਰੂ ਜਦ ਸਬਦ ਯਾ ਅਨਾਹਤ ਮੰਨਦੇ ਹਨ, ਉਸ ਦਾ ਲੱਛਣ ਇਹ ਆਪ ਨੇ ਕੀਤਾ ਹੈ : ਉਸ ਦਾ ਵਾਸ ਅੰਤਰੇ ਤੋਂ ਰਹਿਤ ਹੈ, ਉਹ ਅਲਖ ਹੈ ਤੇ ਸਾਰੇ ਵ੍ਯਾਪਕ ਦ੍ਰਿਸ਼ਟੀ ਪੈਂਦਾ ਹੈ। ਇਸ ਦੀ ਪ੍ਰਾਪਤੀ ਲਈ ਸਾਡੀ ਤ੍ਯਾਰੀ ਸਿਮਰਨ ਹੈ ਤੇ ਪ੍ਰਾਪਤੀ ਹੋਣੀ ਵਾਹਿਗੁਰੂ ਜੀ ਦੀ ਮਿਹਰ ‘ਤੇ ਦੱਸਦੇ ਹਨ। ੮. ਗੁਰੂ ਜੀ ਜਗਤ ਦੀ ਰਚਨਾ ਵਾਹਿਗੁਰੂ ਦੇ ਹੁਕਮ ਤੋਂ ਹੋਈ ਦੱਸਦੇ ਹਨ, ਹੁਕਮ ਨੂੰ ਓਹ ਵਾਹਿਗੁਰੂ ਦੀ ਤਰ੍ਹਾਂ ਕਥਨ ਕਹਿਣ ਤੋਂ ਪਰੇ ਦੱਸਦੇ ਹਨ। ਯਥਾ- ‘ਹੁਕਮੁ ਨ ਕਹਿਆ ਜਾਈ’ (੧), ਹੁਕਮ ਨਿਰਗੁਣ ਵਿੱਚ ਨਿਰਗੁਣ ਰੂਪ ਹੈ, ਪਰ ਜਗ ਰਚਨਾ ਵੇਲੇ ਸਬਦ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ, ਇਸ ਕਰਕੇ ਸਬਦ ਦਾ ਅਰਥ ਕਈ ਥਾਂ-ਹੁਕਮ- ਹੈ। ਯਥਾ- ‘ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ’ (੬੪੨), ਹੇ ਉਤਪਤ ਕਰਨ ਵਾਲੇ! ਸਾਰੇ ਤੇਰਾ ਹੁਕਮ ਵਰਤ ਰਿਹਾ ਹੈ। ੯. ਅੰਕ ਅੱਠ ਵਿੱਚ ਦੱਸੇ ਕਾਰਣ ਤੋਂ ਵਾਹਿਗੁਰੂ ਦਾ ਹੁਕਮ ਵਾਹਿਗੁਰੂ ਦਾ ਰੂਪ ਹੈ ਤੇ ਸਬਦ ਹੁਕਮ ਦਾ ਰਚਨਾ ਕਾਲ ਦਾ ਰੂਪ ਹੈ, ਸੋ ਸਬਦ ਵਾਹਿਗੁਰੂ ਰੂਪ ਹੈ, ਇਸ ਕਰਕੇ ਸਬਦ ਪਦ-ਵਾਹਿਗੁਰੂ – ਯਾ ਬ੍ਰਹਮ-ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਯਥਾ- ‘ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ’ (੬੫੪), ਸਾਰੇ ਇਕੋ ਵਾਹਿਗੁਰੂ ਵਰਤ ਰਿਹਾ ਹੈ, ਜੋ ਉਹ (ਵਾਹਿਗੁਰੂ) ਕਰਦਾ ਹੈ ਸੋ ਹੁੰਦਾ ਹੈ। ੧੦. [ਜਗਤ ਦੀ ਉਤਪਤੀ-ਏਕੋ ਕਵਾਉ-ਤੋਂ ਹੋਈ, ਸੋ ਸਬਦ ਤੋਂ ਉਤਪਤ ਹੋਏ ਜਗਤ ਨੂੰ ਵੀ ਕਿਤੇ ਸਬਦੁ ਪਦ ਨਾਲ ਲਿਖਿਆ ਹੈ] ਸੋ ‘ਸਬਦ’ ਦਾ ਅਰਥ-ਜਗਤ-ਵੀ ਹੈ। ਯਥਾ- ‘ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ’ (੪੪੮), ਸਾਰਾ ਜਗਤ ਤੇਰਾ ਹੈ (ਇਸ ਵਿੱਚ) ਤੂੰ ਹੀ ਵਰਤ ਰਿਹਾ ਹੈਂ, ਤੇ ਜੋ ਤੂੰ ਕਰੇਂ ਸੋ ਹੁੰਦਾ ਹੈ। ੧੧. [ਧਰਮ ਦਾਤਾ ਦੀ ਆਗ੍ਯਾ ਤੋਂ ਧਰਮ ਬਿਵਸਥਾ ਬੱਝਦੀ ਹੈ, ਆਗ੍ਯਾ ਸਬਦ ਦੁਆਰਾ ਹੁੰਦੀ ਹੈ, ਜੋ ਇਸ ਲੱਛਣਾਂ ਕਰਕੇ ਸਬਦ ਦਾ ਅਰਥ ਧਰਮ ਵੀ ਹੁੰਦਾ ਹੈ] ਧਰਮ। ਯਥਾ- ‘ਜੋਗ ਸਬਦੰ ਗਿਆਨ ਸਬਦੰ’ (੪੬੯), ਜੋਗੀ ਦਾ ਧਰਮ (ਕੀ ਹੈ) ਗ੍ਯਾਨ ਧਰਮ ਹੈ। ‘ਸੂਦ੍ਰ ਸਬਦੰ ਪਰਾਕ੍ਰਿਤਹ’ (੪੬੯), ਸ਼ੂਦ੍ਰ ਦਾ ਧਰਮ ਪਰਾਈ ਕ੍ਰਿਤ ਕਰਨੀ। ਅਥਵਾ ਵੈਸ਼ ਦਾ ਅਧ੍ਯਾਰੋਪ ਕਰਦੇ ਅਰਥ ਕਰਦੇ ਹਨ ਕਿ (ਪਰ) ਭਲੀ ਪ੍ਰਕਾਰ ਕ੍ਰਿਤ ਕਰਕੇ ਗੁਜ਼ਾਰਨਾ। ੧੨. [ਸੰਸਕ੍ਰਿਤ, ਸੰ+ਵਾਦੰ ਦਾ ਦੇਸ਼ ਭਾਸ਼ਾ ਰੂਪ ਸਬਦ] ਬਹਸ, ਚਰਚਾ। ਯਥਾ- ‘ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ’ (੯੪੬), ਇਸ ਚਰਚਾ (ਗੋਸਟ) ਦਾ ਫ਼ੈਸਲਾ ਸੁਣ ਤੂੰ ਹੇ ਅਵਧੂਤ! ੧੩. [ਸਮੁੰਦ੍ਰ=ਸਮੁੰਦ=ਸਮੁਦ=ਸੁਬਦ, ਸਬਦ੍ਹ੍ਹ] ਸਮੁੰਦ੍ਰ। ਯਥਾ- ‘ਮਾਧਾਣਾ ਪਰਬਤੁ ਕਰਿ ਨੇਤ੍ਰ ਬਾਸਕੁ ਸਬਦਿ ਰਿੜਕਿਓਨੁ’। (੯੬੭) ੧੪. ਬਾਣੀ ਨਾਲ, ਮੂੰਹੋਂ (ਉਚਾਰ ਕੇ)। ਯਥਾ- ‘ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ’ (੫੧੪), ਵਾਹ ਵਾਹ ਪਦ ਨੂੰ ਬਾਣੀ ਨਾਲ ਵੀ ਉਚਾਰੇ ਤੇ ਵਾਹੁ ਵਾਹੁ ਨੂੰ ਹਿਰਦੇ ਨਾਲ ਵੀ ਕਹੇ। *ਬੋਲਚਾਲ ਵਿੱਚ ਕਹੀਦਾ ਹੈ-ਇਹ ਤੁਕ ਫਲਾਣੇ ਸ਼ਬਦ ਵਿੱਚ ਲਿਖੀ ਹੈ।
ਸਬਦ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ