[email protected]

ਆਸਾ ਰਾਗ ਵਿੱਚ ਸ਼ਰੀ ਗੁਰੂ ਅਰਜਨ ਦੇਵ ਦਾ ਸ਼ਬਦ ਹੈ- (੧) ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦ ਤੇ ਸ੍ਰੇਸਟਾਈ ਰੇ, (੨) ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ, (੩) ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ, (੪) ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ, (੫) ਬਾਝੁ ਥੂਨੀਆ ਛਪਰਾ ਥਾਮਿਆ ਨੀਘਰਿਆ ਘਰੁ ਪਾਇਆ ਰੇ, (੬) ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ, (੭) ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ, (੮) ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ, (੯) ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ. x x x (ਆਸਾ ਮਃ ੫) ਇਸ ਦਾ ਭਾਵ ਹੈ- (੧) ਘਾਤਕ ਅਤੇ ਦੁੱਖ ਦੇਣਵਾਲੀ ਵ੍ਰਿੱਤੀ ਹੁਣ ਬ੍ਰਹਮਵਿਚਾਰ ਵਾਲੀ ਹੋ ਗਈ ਹੈ, ਅਤੇ ਗੁਲਾਮੀ ਦੀ ਆਦਤ ਸ੍ਰੇਸਟਾਈ (ਛਤ੍ਰਾਣੀ) ਬਣੀ ਹੈ, ਭਾਵ- ਸੂਰਵੀਰਤਾ ਆ ਗਈ ਹੈ. ਦੇਖੋ, ਸ੍ਰੇਸਟ ਅਤੇ ਸ੍ਰੇਸਟਾਈ. (੨) ਪਤਾਲ ਅਕਾਸ ਦੇ ਪਦਾਰਥਾਂ ਨੂੰ ਖਾਕੇ ਜੋ ਭਰਦੀ ਨਹੀਂ ਸੀ, ਉਹ ਤ੍ਰਿਸਨਾਅਗਨਿ ਬੁਝ ਗਈ ਹੈ. ਦੇਖੋ, ਲਹਬਰ. (੩) ਭੋਗਵਾਸਨਾ ਰੂਪ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈ ਗਈ ਹੈ, ਉਹ ਵਿਸੇਰਸਾਂ ਨੂੰ ਵੇਖਕੇ ਡਰਦੀ ਹੈ. (੪) ਨੰਮ੍ਰਭਾਵ ਦੇ ਵਸ ਵਿੱਚ ਅਹੰਕਾਰ ਹੋਗਿਆ ਹੈ, ਲੋਭ ਕੁੱਤੇ ਨੂੰ ਘਾਹ ਖਾਣ ਲਾ ਦਿੱਤਾ ਹੈ। ਭਾਵ- ਅਭੱਖ ਛੱਡਕੇ ਨਿਰਵਾਹ ਮਾਤ੍ਰ ਖਾਣ ਪੀਣ ਵਿੱਚ ਸੰਤੋਖ ਹੈ. (੫) ਸਰੀਰ ਰੂਪ ਛੱਪਰ ਨੂੰ ਕਿਸੇ ਦੇ ਆਸਰੇ ਨਹੀਂ ਰੱਖਿਆ ਹੈ, ਭਾਵ- ਬੇਗਾਨੀ ਆਸ ਛੱਡ ਦਿੱਤੀ ਹੈ. ਜੋ ਬਿਨਾ ਵਿਸ਼੍ਰਾਮ ਭਟਕਦਾ ਫਿਰਦਾ ਸੀ, ਉਸ ਨੇ ਆਪਣੇ ਅੰਦਰ ਹੀ ਵਿਸ਼੍ਰਾਮ ਦੀ ਥਾਂ ਲੋਭੀ ਹੈ. (੬) ਉਕਤਿ ਜੁਗਤਿ ਵਾਕਰਚਨਾ ਕਰਨ ਵਾਲੇ ਪੰਡਿਤ ਤੋਂ ਬਿਨਾ ਹੀ ਆਮਿਲ ਲੋਕਾਂ ਨੂੰ ਗ੍ਯਾਨ- ਰਤਨ ਨਾਲ ਆਪਣੇ ਅੰਤਹਕਰਣ ਨੂੰ ਭੂਸਿਤ ਕੀਤਾ ਹੈ. (੭) ਜੋ ਫਰਿਆਦੀ ਦਾ ਵੇਲਾ ਕਰਨ ਤੋਂ ਭੀ ਇਨਸਾਫ ਨਹੀਂ ਪਾ ਸਕਦਾ ਸੀ, ਉਸ ਨੇ ਚੁਪਕੇ ਹੀ ਫੈਸਿਲਾ ਪਾ ਲਿਆ ਹੈ. ਭਾਵ- ਵਿਚਾਰ ਦੀ ਪ੍ਰਾਪਤੀ ਹੋਣ ਤੋਂ ਅਸਲ ਬਾਤ ਸਮਝਕੇ ਮੌਨ ਧਾਰ ਲਈ ਹੈ. (੮) ਮੁਰਦਾ (ਆਤਮਗ੍ਯਾਨ ਰਹਿਤ ਜੜ੍ਹਮਤਿ) ਸਿੰਘਾਸਨ ਤੇ ਬੈਠਾ ਹੈ, ਭਾਵ- ਉੱਚੀ ਪਦਵੀ ਨੂੰ ਪ੍ਰਾਪਤ ਹੋਇਆ ਹੈ. ਨੇਤ੍ਰਾਂ ਦਾ ਦਿਖਾਵਾ (ਅਡੰਬਰ) ਨੱਠ ਗਿਆ ਹੈ. ਭਾਵ- ਦਿਖਾਵੇ ਤੋਂ ਘ੍ਰਿਣਾ ਹੈ. (੯) ਜੋ ਆਖਦਾ ਹੈ- ਮੈ ਗ੍ਯਾਨੀ ਹਾਂ, ਉਹ ਅਗ੍ਯਾਨੀ ਹੈ. ਜੋ ਵਾਸਤਵ ਗ੍ਯਾਨੀ ਹੈ ਉਹ ਲਕਿਆ ਨਹੀਂ ਰਹਿ ਸਕਦਾ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found