[ਸੰ:। ਸੰਸਕ੍ਰਿਤ, ਮੂਸਿਕਾ। ਦੇਖੋ, ‘ਮੂਸਾ’] ਚੂਹੀ। ਯਥਾ- ‘ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ’ (੪੭੭), ਹੁਣ ਸ਼ੇਰ ਘਰ ਵਿਖੇ ਬੈਠ ਕੇ ਪਾਨਾਂ ਦੇ ਬੂਟੇ ਲਾਉਂਦਾ ਹੈ। ਭਾਵ ਇਹ ਕਿ ਸੁਧ ਹੰਕਾਰ ਭਗਤੀ ਸਿਧਾਂਤ ਦੇ ਪਾਨ ਘਰ ਵਿਖੇ ਹੀ ਤਿਆਰ ਕਰਦਾ ਹੈ* । ਘੀਸ (ਗਲਉਰੇ) ਪਾਨਾਂ ਦੇ ਬੀੜੇ ਲਿਆਉਂਦੀ ਹੈ, ਭਾਵ ਇਹ ਕਿ ਬੁੱਧੀ ਉੱਤਮ ਗੁਣਾਂ ਦੇ ਸੰਗ੍ਰਹਿ ਵਿਖੇ ਲੱਗ ਗਈ। ਘਰ ਘਰ ਵਿਖੇ ਚੂਹੀਆਂ ਅਨੰਦ ਦੇ ਗੀਤ ਗਾਉਣ ਲੱਗ ਪਈਆਂ, ਭਾਵ ਇਹ ਕਿ ਆਪੋ ਆਪਣੇ ਗੋਲਕਾਂ ਵਿਖੇ ਇੰਦ੍ਰੀਆਂ ਕੀਰਤਨ ਕਰਦੀਆਂ ਹਨ। (ਕਛੂਆ) ਕੱਛੂ ਸੰਖ ਵਜਾਉਂਦਾ ਹੈ, ਭਾਵ ਚਿੱਤ ਕੱਛੂ, ਅਸੰਖ ਆਤਮਾ ਦਾ ਵਿਵੇਚਨ ਕਰਦਾ ਹੈ। *’ਪਾਨ ਲਗਾਉਣਾ’ ਮੁਹਾਵਰਾ ਹੈ, ਪਾਨ ਦੇ ਪੱਤੇ ਵਿੱਚ ਚੂਨਾ, ਕੱਥਾ, ਸੁਪਾਰੀ ਆਦਿਕ ਲਾਉਣੇ। ਐਉਂ ਲੱਗ ਕੇ, ਵਲ੍ਹੇਟ ਕੇ, ਤਿਆਰ ਹੋ ਚੁੱਕੇ ਪਾਨ ਨੂੰ ਗਲਉਰੀ ਕਹਿੰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ