[email protected]

[ਭਾ:। ਸੰ:। ਮੁਦ੍ਰਾ=ਭੇਤ ਦੀ ਗੱਲ। ਸਾਹਿੱਤ ਵਿਚ ਐਸੀ ਰਚਨਾ ਜਿਸ ਦੇ ਪ੍ਰਗਟ ਅਰਥ ਦੇ ਸਿਵਾ ਕੋਈ ਹੋਰ ਅਰਥ ਯਾ ਸਾਰਥਿਕ ਪਦ ਵੀ ਬਣ ਜਾਵੇ। ਧਾਤੂ ਹੈ, ਮੁਦ੍ਰ=ਪ੍ਰਸੰਨ ਕਰਨਾ। ਪੰਜਾਬੀ, ਮੁੰਦਾਵਣੀ-ਜਿਸ ਵਿੱਚ ਭਾਵ ਯਾ ਅਰਥ ਮੁੰਦ ਕੇ, ਬੰਦ ਕਰ ਕੇ ਯਾ ਲੁਕਾ ਕੇ ਰੱਖਿਆ ਹੋਵੇ*] ਬੁਝਾਰਤ, ਅੜਾਉਣੀ, ਐਸੀ ਗੱਲ ਜੋ ਕੋਈ ਛੇਤੀ ਨਾਲ ਨਾ ਸਮਝ ਸਕੇ। ਮੁੰਦਾਵਣੀ** ਦੇ ਦੋ ਸਲੋਕ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ ਹਨ, ਇਕ ਸੋਰਠ ਦੀ ਵਾਰ ਵਿਚ ਤੀਸਰੀ ਪਾਤਸ਼ਾਹੀ ਦਾ ਹੈ ਤੇ ਦੂਜਾ ਸਲੋਕ ਪੰਜਵੀਂ ਪਾਤਸ਼ਾਹੀ ਜੀ ਦਾ, ਅੰਤ ਪੁਰ ਰਾਗਮਾਲਾ ਤੇ ‘ਸਲੋਕ ਮ: ੫’ ਤੋਂ ਮੁਹਰੇ ਹੈ। ਯਥਾ-ਸ੍ਰੀ ਗੁਰੂ ਗੰ੍ਰਥ ਸਾਹਿਬ ਜੀ-ਸਲੋਕ ਮ: ੩॥ ‘ਥਾਲੈ ਵਿਚਿ*** ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰ॥ ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿਧਾਰਿ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥ ਨਾਨਕ ਜਿਸ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ’ (੬੪੫), ਅਰਥਾਤ (ਗੁਰਸਿਖ ਦੇ ਹਿਰਦੇ ਰੂਪੀ) ਥਾਲ ਵਿਚ (ਗੁਰੂ ਵਲੋਂ) ਤ੍ਰੈ ਵਸਤਾਂ (ਪਈਓ) ਪ੍ਰੋਸੀਆਂ ਗਈਆਂ ਹਨ, (ਜੋ ਸੰਸਾਰਕ ਭੋਜਨ ਨਹੀਂ) ਪਰ (ਹਰਿ ਭੋਜਨ) ਈਸ਼੍ਵਰੀਯ ਭੋਜਨ (ਰੂਹਾਨੀ ਖ਼ੁਰਾਕ ਹਨ), (ਤੇ ਸੁਆਦ ਵਿਚ) ਅੰਮ੍ਰਿਤ (ਤੋਂ) ਬੀ (ਸਾਰ) ਸ੍ਰੇਸ਼ਟ ਹਨ। ਜਿਸ (ਭੋਜਨ ਦੇ) ਖਾਧਿਆਂ ਮਨ ਤ੍ਰਿਪਤ ਹੁੰਦਾ ਹੈ ਤੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਈਦਾ ਹੈ, ਹੇ ਸੰਤੋ! ਏਹ ਭੋਜਨ (ਹੋਰ ਤ੍ਰੀਕਿਆਂ ਨਾਲ) ਨਹੀਂ ਲੱਭਦਾ (ਇਹ) ਗੁਰੂ ਦੀ (ਬਖ਼ਸ਼ੀ) ਵੀਚਾਰ ਨਾਲ ਲੱਭਦਾ ਹੈ। ਸੂਚਨਾ-ਇਨ੍ਹਾਂ ਤ੍ਰੈਏ ਤੁਕਾਂ ਵਿਚ ਪਤਾ ਨਹੀਂ ਲੱਗਾ ਕਿ ਤ੍ਰੈ ਵਸਤਾਂ ਕੀ ਹਨ। ਮਾਨੋ ਇਹ ਵਾਕ ਅਜੇ ਇਕ ਬੁਝਾਰਤ ਹੈ? ਇਸ ਲਈ ਆਪ ਹੀ ਫ਼ੁਰਮਾਉਂਦੇ ਹਨ ਕਿ ਇਹ ਬੁਝਾਰਤ (ਤਾਂ ਹੈ ਪਰ) ਇਸ ਨੂੰ ਵਿਚੋਂ ਕਿਉਂ ਕੱਢੀਏ, ਇਸ ਨੂੰ ਸਦਾ ਦਿਲ ਵਿਚ ਧਾਰਨ ਕਰੀਏ, ਇਹ ਬੁਝਾਰਤ ਸਤਿਗੁਰੂ ਨੇ (ਆਪ) ਪਾਈ ਹੈ, ਤੇ ਗੁਰੂ ਕੇ ਸਿੱਖਾਂ ਨੇ ਭਾਲ ਕੇ ਲੱਭ ਲਈ ਹੈ, ਗੁਰਮੁਖਾਂ ਨੇ ਘਾਲ ਕਰ ਕੇ ਹਰੀ ਨੂੰ ਪਾਇਆ ਹੈ, ਤਾਂ ਤੇ ਜਿਸ ਨੂੰ (ਵਾਹਿਗੁਰੂ) ਬੁਝਾਏਗਾ, ਉਹੀ ਇਸ (ਬੁਝਾਰਤ) ਨੂੰ ਬੁੱਝੇਗਾ। ਸੂਚਨਾ-ਸੋ ਅੰਤ ਤਕ ਇਸ ਸਲੋਕ ਵਿਚ ਬੁਝਾਰਤ ਨਿਭੀ ਹੈ। ਇਸ ਸਲੋਕ ਵਿਚ ਗੁਰੂ ਜੀ ਨੇ ਇਕ ਈਸ਼੍ਵਰ ਪ੍ਰਾਪਤੀ ਦੇ ਸਾਰੇ ਸਿਧਾਂਤ ਦਾ ਇਸ਼ਾਰਾ ਦਿੱਤਾ ਹੈ, ਜੋ ਘਾਲ ਕਰਨ ਵਾਲੇ ਗੁਰਸਿਖਾਂ ਤੇ ਖੁਲ੍ਹ ਜਾਂਦਾ ਹੈ, ਇਸ ਸਲੋਕ ਵਿਚ ਖੋਹਲਿਆ ਨਹੀਂ। ਗੁਰਸਿੱਖੀ ਦੀ ਚੋਟੀ ਤੇ ਖੜੇ ਗੁਰੂ ਅਰਜਨ ਦੇਵ ਜੀ ਨੂੰ ਇਹ ਪਤਾ ਲੱਗਣਾ ਹੀ ਸੀ, ਗੁਰਿਆਈ ਦੇ ਤਖ਼ਤ ਤੇ ਬੈਠੇ ਗੁਰੂ ਅਰਜਨ ਦੇਵ ਜੀ ਨੇ ਇਸ ਬੁਝਾਰਤ ਨੂੰ ਖੋਹਲਿਆ ਹੈ, ਜੋ ਖੁਲ੍ਹ ਗਈ ਹੈ, ਬੁਝਾਰਤ ਨਹੀਂ ਰਹੀ, ਪਦਾਰਥ ਭੀ ਤ੍ਰੈ ਦੱਸ ਦਿੱਤੇ ਹਨ। ਸੋ ਦੂਸਰਾ ਸਲੋਕ ਪੰਜਵੇਂ ਸਤਿਗੁਰਾਂ ਦਾ ਇਸ ਬੁਝਾਰਤ ਦੀ ਖੁਲ੍ਹ ਹੈ, ਇਸ ਦਾ ਹੱਲ ਹੈ, ਇਸੇ ਕਰਕੇ ਉਸ ਦਾ ਸਿਰਲੇਖ ਬੀ ਮੁੰਦਾਵਣੀ ਹੈ। ਇਹ ਮੁੰਦਾਵਣੀ ਸਮਝਣ ਵਿਚ ਫੇਰ ਬੁਝਾਰਤ ਵੀ ਹੈ, ਜੋ ਥੋੜ੍ਹੀ ਜੇਹੀ ਵੀਚਾਰ ਨਾਲ ਖੁਲ੍ਹ ਜਾਂਦੀ ਹੈ। ਇਹ ਬੁਝਾਰਤ ਵੀ ਹੈ ਤੇ ਬੁਝਾਰਤ ਦੀ ਖੁਲ੍ਹ ਵੀ ਹੈ। ਯਥਾ- ‘ਮੁੰਦਾਵਣੀ ਮਹਲਾ ੫॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸਕਾ ਸਭਸੁ ਅਧਾਰੋ’ (੧੪੨੯), ਥਾਲ ਵਿਚ ਤ੍ਰੈ ਵਸਤਾਂ ਪਈਆਂ ਹਨ-੧. ਸਤ, ੨. ਸੰਤੋਖ, ੩. ਵੀਚਾਰ ੪. ਅੰਮ੍ਰਿਤ ਨਾਮ ਠਾਕੁਰ ਕਾ। ਇਸ ਮੁੰਦਾਵਣੀ ਵਿਚ ਤ੍ਰੈ ਵਸਤਾਂ ਗਿਣ ਦਿੱਤੀਆਂ, ਬੁਝਾਰਤ ਖੁਲ੍ਹ ਗਈ, ਪਰ ਵਸਤਾਂ ਚਾਰ ਦੱਸੀਆਂ, ਚੌਹਾਂ ਨੂੰ ਤਿੰਨ ਸਮਝ ਸਕਣਾ ਇਹ ਫੇਰ ਮੁੰਦਾਵਣੀ ਖੋਹਲਣੀ ਹੈ-੧. ਸਤ, ੨. ਸੰਤੋਖ, ੩. ਅੰਮ੍ਰਿਤ ਨਾਮ ਠਾਕੁਰ ਕਾ। ਤੇ ‘ਵੀਚਾਰੋ’ ਏਥੇ ਸੰਗਿਆ ਪਦ ਨਹੀਂ, ਕਿਰਿਆ ਹੈ, ਹੁਕਮ ਹੈ ਕਿ ਵੀਚਾਰ ਲਓ। ਹੇ ਸੰਤਹੁ! ਤ੍ਰੈ ਵਸਤਾਂ ਥਾਲ ਵਿਚ ਪਈਆਂ ਹਨ-ਸਤ, ਸੰਤੋਖ ਤੇ ਅੰਮ੍ਰਿਤ ਨਾਮ। ਇਸ ਨੂੰ ਖੋਹਲਣ ਵਾਲੀ ਕੁੰਜੀ ‘ਵੀਚਾਰੋ’ ਪਦ ਵਿਚ ਹੈ ਕਿ ਤੁਸੀਂ ਜੇ ਵੀਚਾਰ ਕਰੋਗੇ ਤਾਂ ਮੁੰਦਾਵਣੀ ਖੁਲ੍ਹ ਗਈ ਹੈ। ਉਹ ਇਉਂ ਕਿ ਪਦਾਰਥ ਤ੍ਰੈ ਇਹ ਹਨ-੧. ਸਤ, ੨. ਸੰਤੋਖ, ੩. ਅੰਮ੍ਰਿਤ ਨਾਮ ਠਾਕੁਰ ਕਾ। ਤੇ ‘ਵੀਚਾਰੋ’ ਕਿਰਿਆ ਪਦ ਹੈ, ਸੰਗਿਆ ਨਹੀਂ ਹੈ, ਵੀਚਾਰੋ ਦਾ ਅਰਥ ਹੈ ਵੀਚਾਰ ਕਰੋ, ਜਿਸ ਤਰ੍ਹਾਂ ਪਹਿਲੀ ਮੁੰਦਾਵਣੀ ਵਿਚ ਕਿਹਾ ਸੀ-’ਸੰਤਹੁ ਲਭੈ ਗੁਰ ਵੀਚਾਰਿ’ (੬੪੫), ਉਸ ਤਰ੍ਹਾਂ ਹੁਣ ਕਿਹਾ ਕਿ ਵੀਚਾਰ ਕਰੇ (ਹੇ ਸੰਤੋ!) ਤ੍ਰੈ ਵਸਤਾਂ ਹਨ-ਸਤ, ਸੰਤੋਖ, ਨਾਮ। ਪਹਿਲੀ ਵਿਚ ਬੀ ਫਲ, ‘ਮੋਖ ਦੁਆਰੁ’ (੬੪੫), ਕਿਹਾ ਸੀ, ਇਸ ਵਿਚ ਬੀ ‘ਹੋਇ ਉਧਾਰੋ’ (੧੪੨੯), ਫਲ ਦੱਸਿਆ। ਸੂਚਨਾ-ਪਹਿਲੀ ਤੁਕ ਵਿਚ ‘ਪਈਓ’ ਸਤ ਤੇ ਸੰਤੋਖ ਦੀ ਕਿਰਿਆ ਹੈ, ਦੂਸਰੀ ਵਿਚ ਪਇਓ-ਅੰਮ੍ਰਿਤ ਨਾਮ-ਦੀ ਕਿਰਿਆ ਹੈ। *ਯਥਾ- ‘ਗੁਰਵਾਕ-’ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ’ (੬੪੫), ਅਰਥਾਤ ਮੁੰਦਾਵਣੀ ਕੋਈ ਗੁਹਜ ਅਭਿਪ੍ਰਾਇ ਦੀ ਵਸਤ ਹੈ ਜੋ ਭਾਲ ਨਾਲ ਲੱਭਣ ਵਾਲੀ ਹੈ%**ਪੋਠੋਹਾਰ ਵਿਚ ਹੁਣ ਤਕ ਮੰਦਾਵਣੀਆਂ, ਬੁਝਾਰਤਾਂ ਨੂੰ ਆਖਦੇ ਹਨ। ਜੰਞ ਜਦ ਰੋਟੀ ਖਾਣ ਬੈਠੇ ਤੇ ਕੁੜੀਆਂ ਬੁਝਾਰਤ ਪਾ ਕੇ ਥਾਲੀ ਬੰਨ੍ਹ ਦੇਂਦੀਆਂ ਹਨ, ਉਹ ਬੁੱਝੀ ਜਾਵੇ ਤਾਂ ਜੰਞ ਰੋਟੀ ਖਾਂਦੀ ਹੈ। ਇਸ ਨੂੰ ਵੀ ਮੁਦਾਵਣੀ ਕਹਿੰਦੇ ਹਨ। ਆਮ ਬੋਲ ਚਾਲ ਵਿਚ ਵੀ ਪੋਠੋਹਾਰੀ ਹੁਣ ਤਕ ਬੋਲਦੇ ਹਨ ‘ਮੁੰਦਾਵਣੀਆਂ ਕਿਉਂ ਪਾਨੇ ਓ ਸਿੱਧੀ ਗੱਲ ਦੱਸੋ’। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਦੋਹਾਂ ਮੁੰਦਾਵਣੀਆਂ ਵਿਚ ‘ਥਾਲ’ ਦਾ ਜ਼ਿਕਰ ਹੈ, ਨਾਲ ਭੋਜਨ ਦਾ ਕਥਨ ਹੈ।%***’ਥਾਲੈ ਵਿਚਿ’ ਵੀ ਪੋਠੋਹਾਰੀ ਬੋਲ ਚਾਲ ਹੈ। ਜਿਵੇਂ-ਟਿੱਕੀ ਸੰਦੂਖ਼ੇ ਵਿਚ ਪਈ ਨੇ, ਮਧ ਪੰਜਾਬ ਵਿਚ ਬੋਲਦੇ ਹਨ-ਥਾਲ ਵਿਚ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found