[email protected]

ਸਮੇਂ ਦਾ ਅੰਦਾਜ਼ਾ. ਵਿਸਨੁਪੁਰਾਣ ਵਿੱਚ ਵੇਲੇ ਦਾ ਪ੍ਰਮਾਣ ਇਉਂ ਲਿਖਿਆ ਹੈ- ਇੱਕ ਲਘੁ ਅੱਖਰ ਦੇ ਬੋਲਣ ਵਿੱਚ ਜੋ ਸਮਾਂ ਲੱਗੇ ਉਹ ਨਿਮੇਸ (ਅੱਖ ਦਾ ਝਮਕਣਾ) ਹੈ. ੧੫ ਨਿਮੇਸ ਦੀ ਇੱਕ ਕਾਸ੍ਠਾ. ੩੦ ਕਾਸ੍ਠਾ ਦੀ ਕਲਾ. ੨੦ ਕਲਾ ਦਾ ਮੁਹੂਰਤ. ੬੦ ਮੁਹੂਰਤ ਦਾ ਦਿਨ ਰਾਤ. ੧੫ ਦਿਨ ਰਾਤ ਦਾ ਪਕ੍ਸ਼੍‍ (ਪੱਖ). ੨. ਪਕ੍ਸ਼੍‍ ਦਾ ਮਹੀਨਾ. ੨. ਮਹੀਨੇ ਦੀ ਰਿਤੁ (ਰੁੱਤ). ੬. ਮਹੀਨੇ ਦਾ ਅਯਨ. ੨. ਅਯਨ ਦਾ ਵਰ੍ਹਾ. ਅਮਰਕੋਸ ਲਿਖਦਾ ਹੈ- ੧੮ ਨਿਮੇਸ ਦੀ ਕਾਸ੍ਠਾ. ੩੦ ਕਾਸ੍ਠਾ ਦੀ ਕਲਾ. ੩੦ ਕਲਾ ਦਾ ਕ੍ਸ਼੍‍ਣ. ੧੨ ਕ੍ਸ਼੍‍ਣ ਦਾ ਮੁਹੂਰਤ. ੩੦ ਮੁਹੂਰਤ ਦਾ ਦਿਨ ਰਾਤ (ਅਹੋਰਾਤ੍ਰ).¹ ੧੫ ਅਹੋਰਾਤ੍ਰ ਦਾ ਪਕ੍ਸ਼੍‍ ੨. ਪਕ੍ਸ਼੍‍ ਦਾ ਮਹੀਨਾ. ੨. ਮਹੀਨੇ ਦੀ ਰਿਤੁ (ਰੁੱਤ). ੩. ਰਿਤੁ ਦਾ ਅਯਨ. ੨. ਅਯਨ ਦਾ ਸਾਲ. ਜ੍ਯੋਤਿਸਪ੍ਰਭਾਕਰ ਅਨੁਸਾਰ- ੧੫ ਨਿਮੇਖ ਵਿਸਾ. ੧੫ ਵਿਸੇ ਦਾ ਚਸਾ. ੩. ਚਸੇ ਦਾ ਪਲ. ੬੦ ਪਲ ਦੀ ਘੜੀ. ੮. ਘੜੀ ਦਾ ਪਹਿਰ. ੮. ਪਹਿਰ ਅਥਵਾ ੬੦ ਘੜੀ ਦਾ ਦਿਨ ਰਾਤ. ਇਸ ਸਮੇਂ ਵੇਲੇ ਦੀ ਵੰਡ ਇਉਂ ਹੈ- ੬੦ ਸੈਕੰਡ (second) ਦਾ ਮਿਨਟ (minute). ੬੦ ਮਿਨਟ ਦਾ ਘੰਟਾ (hour). ੩. ਤਿੰਨ ਘੰਟੇ ਦਾ ਪਹਿਰ (watch). ੪. ਅੱਠ ਪਹਿਰ (੨੪ ਘੰਟਿਆਂ) ਦਾ ਦਿਨ ਰਾਤ.² ਦੇਖੋ, ਕਲਪ ਅਤੇ ਯੁਗ. ¹ਹਿੰਦੂ ਅਤੇ ਸਿੱਖ ਸੂਰਜ ਚੜ੍ਹੇ ਤੋਂ ਲੈ ਕੇ ਦੂਜੇ ਸੂਰਜ ਚੜ੍ਹਨ ਤਕ ਦਿਨ ਰਾਤ ਮੰਨਦੇ ਹਨ, ਮੁਸਲਮਾਨ ਸ਼ਾਮ (ਸੰਝ) ਤੋਂ ਲੈ ਕੇ ਦੂਜੀ ਸੰਝ ਤਕ ਦਿਨ ਰਾਤ ਸਮਝਦੇ ਹਨ, ਈਸਾਈ ਅੱਧੀ ਰਾਤ ਤੋਂ ਦੂਜੀ ਅੱਧੀ ਰਾਤ ਤਕ ਦਿਨ ਰਾਤ ਮੰਨਦੇ ਹਨ. ²ਇਸ ਸਮੇਂ ਦੇ ਵਿਦ੍ਵਾਨ ਦਿਨ ਰਾਤ ਅਤੇ ਸਾਲ ਦਾ ਨਿਰਣਾ ਇਉਂ ਕਰਦੇ ਹਨ-ਕਿ ਪ੍ਰਿਥਿਵੀ ਸਦਾ ਆਪਣੇ ਧੁਰੇ ਤੇ ਫਿਰਦੀ ਰਹਿੰਦੀ ਹੈ ਅਰ ਨਾਲ ਦੀ ਨਾਲ ਸੂਰਜ ਦੇ ਚੌਗਿਰਦੇ ਭੀ ਗੇੜਾ ਲਾਉਂਦੀ ਹੈ. ਇਸ ਨੂੰ ਠੀਕ ਜਿਤਨਾ ਚਿਰ ਆਪਣੇ ਧੁਰੇ ਤੇ ਇੱਕ ਪੂਰਾ ਚਕ੍ਰ ਲਗਾਉਣ ਵਿੱਚ ਲਗਦਾ ਹੈ, ਉਸ ਨੂੰ ਦਿਨ ਰਾਤ ਆਖਦੇ ਹਨ. ਇਸ ਸਮੇਂ ਨੂੰ ੨੪ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਅਰ ਇੱਕ ਹਿੱਸੇ ਨੂੰ ਘੰਟਾ ਕਿਹਾ ਜਾਂਦਾ ਹੈ. ਹਰ ਘੰਟੇ ਨੂੰ ੬੦ ਹਿੱਸਿਆਂ (ਮਿੰਟਾਂ) ਵਿੱਚ ਵੰਡ ਦਿੱਤਾ ਗਿਆ ਹੈ. ਫੇਰ ਹਰ ਮਿੰਟ ਨੂੰ ੬੦ ਹਿੱਸਿਆਂ (ਸੈਕੰਡਾਂ) ਵਿੱਚ ਵੰਡਿਆ ਹੈ. ਸੂਰਜ ਦੇ ਚੌਗਿਰਦੇ ਪ੍ਰਿਥਿਵੀ, ਠੀਕ ੩੬੫ ਦਿਨ ੫. ਘੰਟੇ ੪੮ ਮਿੰਟ ਅਤੇ ੪੬ ਸੈਕੰਡਾਂ ਵਿੱਚ, ਇੱਕ ਪੂਰਾ ਚਕ੍ਰ ਲਗਾਉਂਦੀ ਹੈ, ਇਸ ਲਈ ਅਸਲੀ ਸਾਲ ਇਤਨੇ ਹੀ ਚਿਰ ਦਾ ਹੋਣਾ ਚਾਹੀਏ, ਪਰ ਇਹ ਗਿਣਤੀ ਵਿਖਮ ਹੋਣ ਕਰਕੇ ਹਰ ਸਾਲ ਨੂੰ ਕੇਵਲ ੩੬੫ ਦਿਨਾਂ ਦਾ ਮੰਨਕੇ ਹਰ ਚੌਥੇ ਸਾਲ ਨੂੰ ੩੬੬ ਦਿਨਾਂ ਦਾ ਮੰਨ ਲਿਆ ਜਾਂਦਾ ਹੈ, ਤਾਂਕਿ ਉੱਪਰ ਬਚੇ ਮਿੰਟਾਂ ਤੇ ਸੈਕੰਡਾਂ ਦਾ ਵਾਧੂ ਸਮਾਂ ਭੀ ਗਿਣਤੀ ਵਿੱਚ ਆ ਜਾਵੇ. ਸੰਸਾਰ ਦੇ ਸਾਰੇ ਮੁਲਕਾਂ ਵਿੱਚ ਕਿਸੇ ਭੀ ਕ੍ਸ਼੍‍ਣ ਵਿੱਚ ਸਮਾਂ ਉਹੋ ਨਹੀਂ ਹੁੰਦਾ. ਪੂਰਵ ਦੇ ਮੁਲਕਾਂ ਵਿੱਚ ਜਦ ਦਿਨ ਹੁੰਦਾ ਹੈ ਤਾਂ ਪੱਛਮ ਵੱਲ ਰਾਤ ਹੁੰਦੀ ਹੈ. ਇਸੇ ਪ੍ਰਕਾਰ ਜਦ ਪੱਛਮ ਵਿੱਚ ਦਿਨ ਹੁੰਦਾ ਹੈ ਤਾਂ ਪੂਰਵ ਵਾਲ ਰਾਤ ਪੈ ਜਾਂਦੀ ਹੈ. ਉੱਤਰ ਅਤੇ ਦੱਖਣ ਦੇ ਧ੍ਰੁਵਮੰਡਲਾਂ ਵਿੱਚ ਰਾਤ ਅਤੇ ਦਿਨ ਕਈ ਕਈ ਮਹੀਨਿਆਂ ਦੇ ਹੁੰਦੇ ਹਨ. ਕਾਰਣ ਇਹ ਕਿ ਪ੍ਰਿਥਿਵੀ ਦੇ ਇਨ੍ਹਾਂ ਅਸਥਾਨਾਂ ਪੁਰ ਸੂਰਜ ਕਦੇ ਬਹੁਤ ਚਿਰ ਤਕ ਪ੍ਰਕਾਸ਼ਿਤ ਰਹਿੰਦਾ ਹੈ ਅਰ ਕਦੇ ਇਨ੍ਹਾਂ ਤੋਂ ਬਹੁਤ ਚਿਰ ਤੀਕ ਲੋਪ ਰਹਿੰਦਾ ਹੈ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found