[ਵਿਸ਼ੇਸ਼ਣ ਵਿਸ਼ੇਸ਼੍ਯ। ਸੰਸਕ੍ਰਿਤ, ਤਰੁ। ਵਰ] ੧. ਵੱਡਾ ਬ੍ਰਿਛ, ਸ੍ਰੇਸ਼ਟ ਬ੍ਰਿਛ। ਯਥਾ- ‘ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕ ਸੇ ਤਿਨ ਕਉ ਫਾਸ ਨ ਰੰਚ’ (੯੩੪), ਇਸ ਵਿੱਚ ਇਕ ਰੂਪਕਾਲੰਕਾਰ ਹੈ, ਸਰੀਰ ਨੂੰ ਬ੍ਰਿਛ ਵਰਣਨ ਕੀਤਾ ਹੈ, ਬ੍ਰਿਛ ਪੁਰ ਪੰਛੀ ਰਹਿੰਦੇ ਹਨ, ਤਿਵੇਂ ਇਸ (ਕਾਇਆ ਰੂਪੀ) ਬ੍ਰਿਛ ਪਰ ਮਨ ਰੂਪੀ ਪੰਛੀ ਰਹਿੰਦਾ ਹੈ ਅਰਥਾਤ ਸਰੀਰ ਮਨ ਦਾ ਅਧਿਸ਼੍ਟਾਨ ਹੈ। ਮਨ ਦਾ ਸਰੂਪ ਸੰਕਲਪ ਵਿਕਲਪ, ਸੁਖਾਂ ਦੁਖਾਂ ਦਾ ਭੋਗਤਾ ਹੈ, ਅਰ ਚਾਰ ਅੰਤਹਕਰਨ ਮਨ ਬੁਧ ਚਿਤ ਹੰਕਾਰ ਦਾ ਹੈ, ਇਸ ਕਰਕੇ ਅਗਲੀਆਂ ਤੁਕਾਂ ਵਿੱਚ ਬਹੁ-ਵਚਨ ਲਿਖਿਆ ਹੈ, ਅਰ ਗੁਰਬਾਣੀ ਵਿੱਚ ਅਕਸਰ ਜਗ੍ਹਾ ਮਨ ਦਾ ਅਰਥ ਜੀਵ ਆਤਮਾ ਮਿਲਿਆ ਹੈ, ਇਕ ਹੋਰ ਪੰਛੀ ਜੋ (ਪੰਚ) ਸ੍ਰੇਸ਼ਟ ਹੈ, ਅਰਥਾਤ ਪਰਮਾਤਮਾ, ਪਰਮਾਤਮਾ ਰੂਪੀ ਪੰਛੀ ਅਰ ਮਨ ਰੂਪੀ ਪੰਛੀ, ਕਾਇਆ ਰੂਪੀ ਬ੍ਰਿਛ ਪੁਰ ਟਿਕੇ ਹਨ। ਅਗਲੀ ਤੁਕ ਵਿੱਚ ਕਹਿੰਦੇ ਹਨ (ਏਕ ਸੇ) ਕਿ ਇਕ ਜੋ ਪਰਮਾਤਮਾ ਹੈ ਉਸ ਨਾਲ ਮਿਲ ਕੇ ਜੇ ਅੰਤਹਕਰਨ ਰੂਪੀ ਚਾਰੇ ਪੰਛੀ ਚੋਗਾ ਚੁਗਣ ਭਾਵ ਮਨ ਪਰਮਾਤਮਾ ਦੇ ਅਧੀਨ ਰਹੇ, ਅੰਤਹਕਰਨ ਸੰਸਾਰਾਕਾਰ ਨਾ ਹੋ ਜਾਣ, ਤਦ ਉਹਨਾਂ ਵਾਸਤੇ ਕੋਈ ਫਾਹੀ ਨਹੀਂ, ਕਿਉਂਕਿ ਪਰਮਾਤਮਾ ਪਰਾਇਣ ਹੋਣ ਤੇ ਉਹਨਾਂ ਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਏਗਾ, ਪਰ ਜੇ ਕਦੇ ਓਹ ਪੰਛੀ ਉਸ ਸ੍ਰੇਸ਼ਟ ਪੰਛੀ ਤੋਂ (ਬੇਗੁਲ ਬੇਗੁਲੇ) ਅੱਡੋ ਅੱਡ ਹੋ ਕੇ ਉਡ ਪੈਣ ਪਰ (ਵਿਸ਼ੇ ਰੂਪੀ) ਚੋਗਾਂ ਨੂੰ ਬਹੁਤ ਭਾਲਣ, ਤਦ ਫਾਹੀ ਵਿੱਚ ਫਸ ਜਾਂਦੇ ਹਨ (ਵਿਸ਼ੇ ਰੂਪ ਫਾਹੀਆਂ ਵਿੱਚ) ਅਰ ਖੰਭ ਟੁੱਟ ਜਾਂਦੇ ਹਨ (ਸਾਧਨਾ ਸੰਪਤਿ ਹੀਨ ਹੋ ਜਾਂਦੇ ਹਨ) ਅਰ ਕੀਤੇ ਹੋਏ ਪਾਪਾਂ ਦੀ ਭੀੜ ਆ ਬਣਦੀ ਹੈ। ਹੁਣ ਪਰਮਾਤਮਾ ਰੂਪੀ ਜੋ ਮਿੱਤ੍ਰ ਪੰਛੀ ਸੀ ਉਸ ਨੂੰ ਮਿਲਨਾ ਕਠਨ ਹੋ ਜਾਂਦਾ ਹੈ, ਸ੍ਰੇਸ਼ਟ ਪੰਛੀ ਇਸ ਕਰਕੇ ਕਿਹਾ ਹੈ ਕਿ ਜੀਵਾਤਮਾ ਤਾਂ ਸਰੀਰ ਰੂਪੀ ਬ੍ਰਿਛ ਦੇ ਹਰਖ ਸ਼ੋਕਾਦਿ ਫਲਾਂ ਨੂੰ ਖਾਂਦਾ ਹੈ, ਪਰ ਪ੍ਰਮਾਤਮਾ ਸਾਖੀ ਰੂਪ ਹੈ ਉਹ ਹਰਖ ਸ਼ੋਕ ਦਾ ਭਾਗੀ ਨਹੀਂ ਹੈ। ਜਦ ਇਸ ਸਦਾ ਇਕ ਰਸ ਪੰਛੀ ਦਾ ਸੰਗ ਜੀਵਾਤਮਾ ਛੱਡਦਾ ਹੈ, ਤਦੇ ਦੁਖੀ ਹੁੰਦਾ ਹੈ। ਮਨ ਰੂਪੀ ਪੰਛੀ ਦੇ ਉਡਣ ਦਾ ਪ੍ਰਸੰਗ ਹੋਰ ਵੀ ਗੁਰਬਾਣੀ ਵਿੱਚ ਹੈ। ਯਥਾ-ਪ੍ਰਮਾਣ-’ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ’ (੧੩੬੯), ਮਨ ਰੂਪੀ ਪੰਛੀ ਦੇ ਉਡਣ ਲਈ ਬਹੁ-ਵਚਨ ਵਰਤਣ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਪਰਮਾਤਮਾ ਤਾਂ ਸਾਰੇ ਇਕ ਹੈ ਪਰ ਜੀਵਾਤਮਾ ਅੱਡੋ ਅੱਡ ਹਨ, ਇਸ ਲਈ ਜਾਤੀ ਕਰਕੇ ਬਹੁ-ਵਚਨ ਲੈ ਲਿਆ ਕਿ ਜੋ ਮਨ ਉਸ ਇਕ ਪੰਛੀ ਦਾ ਸੰਗ ਛੱਡਦੇ ਹਨ ਆਦਿ* । ੨. [ਸੰ:। ਸੰਸਕ੍ਰਿਤ, ਤਰੁ=ਬ੍ਰਿਛ। ਵਰ=ਸ੍ਰੇਸ਼ਟ=ਬ੍ਰਿਛਾਂ ਵਿੱਚੋਂ ਸ੍ਰੇਸ਼ਟ] ਚੰਦਨ। ਦੇਖੋ, ‘ਭੁਅੰਗਮ’ ੩. ਬੁਧੀ ਰੂਪੀ ਇਕ ਬ੍ਰਿਛ ਹੈ, ਵ ਮਾਯਾ ਰੁੂਪੀ ਇਕ ਬ੍ਰਿਛ ਹੈ। ਯਥਾ- ‘ਤਰਵਰੁ ਏਕੁ ਅਨੰਤ ਡਾਰ ਸਾਖਾ’ (੯੭੦)। *ਇਸ ਪ੍ਰਕਾਰ ਦਾ ਖ਼੍ਯਾਲ ਯਜੁਰ ਵੇਦ ਤੇ ਮਾਂਡੂਕ ਵਿੱਚ ਵੀ ਹੈ-’ਦਾ ਸੁਪਰਣਾ ਸਾਯੁਜਾ ਸਖਾਯਾ’-ਆਦਿ।
ਤਰਵਰੁ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ