[ਸੰ:। ਸੰਸਕ੍ਰਿਤ, ਪ੍ਰਸਾਰ। ਪ੍ਰਾਕ੍ਰਿਤ, ਪਸਾਰਿਆ। ਨ: ਪੰਜਾਬੀ, ਪਸਾਰਾ। ਪੁ: ਪੰਜਾਬੀ, ਪਸਾਉ] ੧. ਪਸਾਰਾ। ਯਥਾ- ‘ਕੀਤਾ ਪਸਾਉ ਏਕੋ ਕਵਾਉ’ (੩), ਤਥਾ-’ਢਾਢੀ ਕਰੇ ਪਸਾਉ ਸਬਦੁ ਵਜਾਇਆ’ (੧੫੦), ਪਹਿਲੀਆਂ ਤੁਕਾਂ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਤੋਂ ਆਪਣੇ ਨਿਵਾਜੇ ਜਾਣ ਦਾ ਪ੍ਰਸੰਗ ਦੱਸਿਆ ਹੈ, ਇਸ ਤੁਕ ਵਿੱਚ ਦੱਸਦੇ ਹਨ ਕਿ ਜੋ ਕੁਝ ਮੈਂ ਪ੍ਰਾਪਤ ਕੀਤਾ ਉਹ ਲੁਕਾ ਕੇ ਨਹੀਂ ਰੱਖਿਆ, ਉਸ ਦਾ ਪਸਾਰਾ ਕੀਤਾ=ਸਾਰੇ ਉਪਦੇਸ਼ ਫੈਲਾਇਆ, ਸ਼ਬਦ ਨੂੰ ਵਜਾ ਕੇ ਸੁਣਾਇਆ ਹੈ। ਵਜਾਉਣ ਦਾ ਭਾਵ, ਮੁਹਾਵਰੇ ਵਿੱਚ ਪ੍ਰਗਟ ਕਰਨ ਤੋਂ ਹੁੰਦਾ ਹੈ, ਸੰਪ੍ਰਦਾਈ ਪਸਾਉ ਦਾ ਇਥੇ ਪ੍ਰਸੰਨਤਾ ਅਰਥ ਵੀ ਲੈਂਦੇ ਹਨ। ਦੇਖੋ, ਅਗਲਾ ਅੰਕ। ੨. [ਸੰਸਕ੍ਰਿਤ, ਪ੍ਰਸਾਦ=ਕਿਰਪਾ। ਪ੍ਰਾਕ੍ਰਿਤ, ਪਸਾਵ] ਤਰਸ, ਦਇਆ, ਕ੍ਰਿਪਾਲਤਾ। ਯਥਾ: ‘ਤੁਠਾ ਕਰੇ ਪਸਾਉ’ (੪੦), ਤਥਾ-’ਤੁਸਿ ਦੇਵਹਿ ਕਰਹਿ ਪਸਾਉ’ (੪੬੩), ਪ੍ਰਸੰਨ ਹੋ ਕੇ ਦਾਤ ਦੇਂਦਾ ਤੇ ਕ੍ਰਿਪਾਲਤਾ ਕਰਦਾ ਹੈ। ੩. [ਸੰ:। ਸੰਸਕ੍ਰਿਤ, ਪ੍ਰਸਾਧਨਂ=ਹਾਰ ਸ਼ਿੰਗਾਰ ਲਾਣੇ। ਪ੍ਰਾਕ੍ਰਿਤ, ਪਸਾਹਿਅ। ਪੁ: ਪੰਜਾਬੀ, ਪਸਾਵ, ਪਸਾਉ] ਹਾਰ ਸ਼ਿੰਗਾਰ, ਹਾਵ ਭਾਵ। ਯਥਾ- ‘ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ’ (੧੪), ਸੁੰਦਰ ਇਸਤ੍ਰੀਆਂ, ਮਣੀਆਂ ਨਾਲੋਂ ਸੁਹਾਉਣੇ ਮੂੰਹਾਂ ਵਾਲੀਆਂ, ਰੰਗ ਰੰਗ ਦੇ ਹਾਵ ਭਾਵ ਕਰਨ ਯਾ ਹਾਰ ਸ਼ਿੰਗਾਰ ਲਗਾਵਣ।
ਪਸਾਉ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ