[email protected]

ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ- ੧. ਪਹਿਲਾ ਪੂਤੁ ਪਿਛੈਰੀ ਮਾਈ, ੨. ਗੁਰੁ ਲਾਗੋ ਚੇਲੇ ਕੀ ਪਾਈ, ××× ੩. ਦੇਖਤ ਸਿੰਘੁ ਚਰਾਵਤ ਗਾਈ, ੪. ਜਲ ਕੀ ਮਛੁਲੀ ਤਰਵਰਿ ਬਿਆਈ, ੫. ਦੇਖਤ ਕੁਤਰਾ ਲੈ ਗਈ ਬਿਲਾਈ, ੬. ਤਲੇ ਰੇਬੈਸਾ ਊਪਰਿ ਸੂਲਾ, ੭. ਤਿਸ ਕੈ ਪੇਡਿ ਲਗੇ ਫਲ ਫੂਲਾ, ੮. ਘੋਰੈ ਚਰਿ ਭੈਸ ਚਰਾਵਨ ਜਾਈ, ੯. ਬਾਹਰਿ ਬੈਲੁ ਗੋਨਿ ਘਰਿ ਆਈ. ××× ਇਸ ਸ਼ਬਦ ਦਾ ਭਾਵ ਇਹ ਹੈ- ੧. ਬ੍ਰਹਮ ਦੀ ਅੰਸ਼ ਹੋਣ ਕਰਕੇ ਜੀਵਰੂਪ ਪੁਤ੍ਰ ਪਹਿਲਾਂ ਹੈ ਅਤੇ ਮਾਯਾ ਪਿੱਛੋਂ ਵਿਸ੍ਤਾਰ ਨੂੰ ਪ੍ਰਾਪਤ ਹੋਈ। ੨. ਜੀਵਾਤਮਾ ਗੁਰੂ ਹੈ, ਮਨ ਚੇਲੇ ਦੇ ਪਿੱਛੇ ਲਗਦਾ ਹੈ। ੩. ਸ਼ੇਰਰੂਪ ਜੀਵ ਨੂੰ ਗਾਇਰੂਪ ਇੰਦ੍ਰੀਆਂ ਪ੍ਰੇਰਦੀਆਂ ਹਨ। ੪. ਆਤਮਾਨੰਦ ਰੂਪ ਸਮੁੰਦਰ ਦਾ ਆਨੰਦ ਲੈਣ ਵਾਲੀ ਮੱਛੀਰੂਪ ਬੁੱਧੀ, ਦੇਹਾਭਿਮਾਨੀ ਰੂਪ ਬਿਰਛ ਪੁਰ ਸੰਕਲਪ ਪੈਦਾ ਕਰਦੀ ਹੈ। ੫. ਸ੍ਵਾਮਿਸੇਵਾਰੂਪ ਕੁੱਤੇ ਨੂੰ ਪਾਖੰਡਕ੍ਰਿਯਾਰੂਪ ਬਿੱਲੀ ਝਪਟਕੇ ਲੈ ਗਈ। ੬. ਸੰਸਾਰ ਬਿਰਛ, ਜਿਸ ਦੀਆਂ ਵੱਲੀਆਂ (ਰੇਬੈਸਾ) ਹੇਠ ਨੂੰ ਹਨ, ਉਸ ਦਾ ਮੂਲਰੂਪ ਬ੍ਰਹਮ ਉੱਪਰ ਹੈ। ੭. ਮਾਯਾ ਸੰਯੁਕ੍ਤ ਬ੍ਰਹਮ ਨੂੰ ਸਾਰੇ ਫੱਲ ਫੁੱਲ ਲਗੇ ਹਨ। ੮. ਪ੍ਰਾਣਰੂਪ ਘੋੜੇ ਪੁਰ ਸਵਾਰ ਹੋਕੇ ਅੰਤਹਕਰਣ, ਇੰਦ੍ਰੀਰੂਪ ਭੈਂਸਾਂ ਨੂੰ ਵਿਸਿਆਂ ਵਿੱਚ ਪ੍ਰਵ੍ਰਿੱਤ ਕਰਦਾ ਹੈ। ੯. ਪੁਰੁਸਾਰਥਰੂਪ ਬੈਲ ਅਜੇ ਬਾਹਰ ਹੈ, ਪਰ ਖੱਟੀ (ਕਮਾਈ) ਦੀ ਵਾਸਨਾਰੂਪ ਗੂਣ ਪਹਿਲਾਂ ਹੀ ਮਨ ਵਿੱਚ ਆਗਈ ਹੈ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found