[email protected]

[ਸੰਖ: ਵਾ:। ਸੰਸਕ੍ਰਿਤ, ਪਂਚਨ੍ਹ੍ਹ। ਪਚੂ ਵਿਸਤੀਰਣੇ, ਹੱਥ ਦਾ ਫੈਲਾਉਣਾ, ਜਿਸ ਤੋਂ ਮੁਰਾਦ ਗਿਣਤੀ ਪੰਜ ਚੱਸਣ ਦੀ ਹੁੰਦੀ ਸੀ, ਜੋ ਪੰਜ ਉਂਗਲਾਂ*, ਪ੍ਰਗਟ ਕਰਦੀਆਂ ਹਨ। ਫ਼ਾਰਸੀ, ਪੰਜ। ਪੰਜਾਬੀ, ਪੰਚ, ਪੰਜ। ਹਿੰਦੀ, ਪਾਂਚ] ੧. ਚਾਰ ਤੇ ਇਕ, ਪੰਜ, ੫। ਯਥਾ- ‘ਪੰਚ ਪੂਤ ਜਣੇ ਇਕ ਮਾਇ’ (੮੬੫)। ੨. ਆਰਯ ਵੱਡਿਆਂ ਨੇ ਪੰਜਾਬ ਵਿੱਚ ਡੇਰੇ ਜਮਾ ਕੇ ਜਦ ਰਾਜ ਅਰੰਭ ਕੀਤੇ, ਤਦ ਪਿੰਡਾਂ ਦੇ ਪ੍ਰਬੰਧ ਵਿੱਚ ਝਗੜੇ ਨਿਪਟਾਉਣ ਲਈ ਪੰਜ ਸ੍ਰੇਸ਼ਟ ਪੁਰਖ ਚੁਣ ਕੇ ਉਹਨਾਂ ਦੀ ਸਭਾ ਦੀ ਵਿਉਂਤ ਸਾਜੀ। ਇਹ ‘ਪੰਚਜਨੀ’ ਕਹਿਲਾਈ, ਪੰਚਾਇਤਨੁ ਵੀ ਇਸੇ ਦਾ ਨਾਮ ਹੋਇਆ ਜੋ ਅੱਜ ਤੱਕ ਪੰਚਾਇਤ ਪਦ ਬੋਲ ਚਾਲ ਵਿੱਚ ਹੈ। ਸਨੇ ਸਨੇ ਇਹ ਸੰਖਿਆ ਪੰਜ ਤੋਂ ਵਧੀ, ਪਰ ਨਾਮ ਇਹੋ ਰਿਹਾ ਤੇ ਇਸ ਪੰਚਜਨੀ ਦੇ ਹਰੇਕ ਆਦਮੀ ਨੂੰ ਵੀ ‘ਪੰਚ’ ਕਹਿਣ ਦਾ ਰਿਵਾਜ ਪੈ ਗਿਆ। ਹੁਣ ਤੱਕ ‘ਪੈਂਚ’ ਪਦ ਪੰਜਾਬ ਵਿੱਚ ਬੋਲਦੇ ਹਨ। ਪਿੰਡ ਦੇ ਨੰਬਰਦਾਰ ਨੂੰ ਵੀ ਪੈਂਚ ਕਹਿੰਦੇ ਹਨ, ਬਿਰਾਦਰੀ ਵਿੱਚ ਮੰਨੇ ਹੋਏ ਆਦਮੀ ਨੂੰ ਜੋ ਲੋਕਾਂ ਦਾ ਕੰਮ ਸੁਆਰੇ, ਝਗੜੇ ਮੁਕਾਵੇ, ਪੈਂਚ ਯਾ ਪੰਚ ਕਹਿੰਦੇ ਹਨ। ਯਥਾ- ‘ਪੰਚ ਲੋਗ ਸਭਿ ਹਸਣ ਲਗੇ’ (੩੧੫), ਤਥਾ-’ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ’ (੩੧੬), ਤਥਾ-’ਮਿਲਿ ਪੰਚਹੁ ਨਹੀ ਸਹਸਾ ਚੁਕਾਇਆ’ (੬੨੧)। ੩. ਕਿਉਂਕਿ ਉਪਰਲੇ ਅੰਗ ਵਿੱਚ ਦੱਸੇ ‘ਪੰਚ’ ਗੁਣਾਂ ਦੀ ਦੇਖ ਭਾਲ ਕਰਕੇ ਚੋਣਵੇਂ ਮਨੁੱਖ ਬਣਾਏ ਜਾਂਦੇ ਸਨ, ਸੋ ਪੰਚ ਪਦ ਦਾ ਅਰਥ ਨੇਕ ਤੇ ਸ੍ਰੇਸ਼ਟ ਹੋ ਗਿਆ। ਯਥਾ- ‘ਪੰਚਮਿ ਪੰਚ ਪ੍ਰਧਾਨ ਤੇ’ (੨੯੭)। ੪. ‘ਸ੍ਰੇਸ਼ਟ’ ਅਰਥਾਂ ਤੇ ਵਰਤੀਂਦਿਆਂ ‘ਪੰਚ’ ਪਦ ਸੰਤ, ਮਹਾਤਮਾ ਗੁਰਮੁਖ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ, ਇਸ ਦਾ ਲੱਛਣ ਗੁਰੂ ਜੀ ਨੇ ਆਪ ਕੀਤਾ ਹੈ-’ਪੰਚਾ ਕਾ ਗੁਰੁ ਏਕੁ ਧਿਆਨੁ’ (੩), ਜਿਨ੍ਹਾਂ ਦਾ ਧਿਆਨ ਇਕ ਗੁਰੂ (ਵਾਹਿਗੁਰੂ) ਵਿੱਚ ਸਿੱਧ ਹੋਇਆ ਹੈ ਉਹ ਪੰਚ ਹਨ, ਇਹ ਲੱਛਣ ਦੱਸਿਆ ਹੈ ਤੇ ਪੰਚਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ, ਉਹ ਇਉਂ ਦੱਸੀ ਹੈ-’ਪੰਚ ਪਰਵਾਣ ਪੰਚ ਪਰਧਾਨ॥ ਪੰਚੇ ਪਾਵਹਿ ਦਰਗਹਿ ਮਾਨੁ’ (੩), ਤਥਾ-’ਸੇਵਕ ਪੰਚ ਨਾਹੀ ਬਿਖੁ ਚਾਖੀ’ (੧੦੩੯), ਸੰਤਾਂ ਦੇ ਸੇਵਕਾਂ ਨੇ ਬਿਖ (ਮਾਯਾ) ਨਹੀਂ ਚਾਖੀ। ੫. ਕਿਤੇ ਪੰਚ ਤੋਂ ਭਾਵ ਸਤ, ਸੰਤੋਖ, ਦਯਾ, ਧਰਮ, ਧੀਰਜ ਹੈ। ਯਥਾ- ‘ਪੰਚ ਮਿਲੇ ਸੁਖ ਪਾਇਆ’ (੭੬੪), ਤਥਾ-’ਪੰਚ ਮਿਲੇ ਗੁਰ ਭਾਈ।’ ੬. ਕਿਤੇ ਪੰਜ ਪਾਪ** ਤੋਂ ਮੁਰਾਦ ਹੈ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਯਥਾ- ‘ਪੰਚ ਤੀਨਿ ਨਵ ਚਾਰਿ ਸਮਾਵੈ’ (੪੧੪), (ਪੰਚ) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; (ਨਵ) ਨੌ ਦੁਆਰੇ; (ਤੀਨ) ਰਜ, ਸਤ, ਤਮ; (ਚਾਰ) ਰਾਗ, ਦ੍ਵੈਖ, ਹਰਖ, ਸੋਗ। ਇਹਨਾਂ ਦਾ ਅਭਾਵ ਕਰੇ ਅਥਵਾ ਪੰਚ ਸੂਖਮ ਭੂਤ, ਤਿੰਨੇ ਲੋਕ, ਨਉ ਖੰਡ ਤੇ ਚਾਰ ਦਿਸ਼ਾਂ ਇਹਨਾਂ ਵਿੱਚ ਸਮਾਇਆ। ਤਥਾ-’ਪੰਚ ਮਾਰਿ ਪਾਵਾ ਤਲਿ ਦੀਨੇ’ (੪੭੬), ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ੭-੮. ਪੰਜ ਤਤ ਤੇ ਪੰਜ ਗੁਣ। ਅਪ, ਤੇਜ, ਵਾਇ, ਪ੍ਰਿਥਵੀ, ਆਕਾਸ਼। ਸਤ, ਸੰਤੋਖ, ਦਇਆ, ਧਰਮ, ਧੀਰਜ। ਯਥਾ- ‘ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ’ (੪੩੦), ਪੰਜ : ਸਤ, ਸੰਤੋਖ, ਦਇਆ, ਧਰਮ, ਧੀਰਜ ਮਨਾਏ। ਪੰਜ : ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਸ਼ੇ ਰੁਸਾਏ; ਪੰਜ : ਅਪ, ਤੇਜ, ਵਾਇ, ਪ੍ਰਿਥਵੀ, ਅਕਾਸ਼, ਤੱਤਾਂ ਦੇ ਗੁਣ ਵਸਾਏ; ਪੰਜ : ਸ਼ਬਦ, ਸਪਰਸ਼, ਰੂਪ, ਰਸ, ਗੰਧ, ਵਿਸ਼ੇ ਗਵਾਏ ਹਨ। ਅਥਵਾ ਪੰਜ ਜਿਹੜੇ ਮਨਾਏ, ਅੰਦਰ ਵਸਾ ਦਿੱਤੇ, ਅਰ ਜੋ ਪੰਜ ਰੁਸਾਏ ਸਨ ਓਹ ਗਵਾ ਦਿੱਤੇ ਹਨ। ੯. ਪੰਜ ਗੁਣ। ਯਥਾ- ‘ਪੰਚ ਪਰਵਾਣ ਪੰਚ ਪਰਧਾਨ ਪੰਚੇ ਪਾਵਹਿ ਦਰਗਹਿ ਮਾਨੁ’ (੩), ਦਾ ਅਰਥ ਗ੍ਯਾਨੀ ਐਉਂ ਵੀ ਕਰਦੇ ਹਨ-ਪੰਜ ਸਤ ਸੰਤੋਖਾਦਿ ਗੁਣ ਪਰਵਾਣ ਕੀਤੇ ਅਰ ਪੰਜ ਕਾਮਾਦਿ ਰੋਕੇ ਅਰ ਪੰਜ ਸ਼ਬਦ ਆਦਿਕ ਵਿਸ਼ੇ ਛੱਡੇ, ਇਤ੍ਯਾਦਿ ਗੁਣਾਂ ਕਰਕੇ ਸੰਤ ਪਰਧਾਨ ਅਰ ਦਰਗਹ ਵਿੱਚ ਮਾਣ ਦੇ ਯੋਗ ਹਨ। ਪੰਜ ਗੁਣ ਜੋ ਪਰਵਾਨ ਕੀਤੇ ਉਹਨਾਂ ਤੋਂ ਮੁਰਾਦ ਸਤ, ਸੰਤੋਖ, ਦਇਆ, ਧਰਮ, ਧੀਰਜ ਤੋਂ ਵੱਖਰੀ ਇਕ ਹੋਰ ਵੀ ਹੈ, ਜੋ ਜਪੁਜੀ ਵਿੱਚ ਇਸ ਪਉੜੀ ਤੋਂ ਪਹਿਲਾਂ ਆਏ ਹਨ। ੧. ਹੁਕਮ ਮੰਨਣ ਵਾਲੇ (ਪੌ: ੨), ੨. ਗਾਉਣ ਵਾਲੇ (ਪੌ: ੩), ੩. ਰੱਬ ਨੂੰ ਨਾ ਵਿਸਰਨ ਵਾਲੇ (ਪੌ: ੫), ੪. ਸਾਈਂ ਯਸ਼ ਕੀਰਤਨ ਸੁਣਨ ਵਾਲੇ (ਪੌ: ੧੦), ੫. ਮਨਣ ਕਰਨ ਵਾਲੇ (ਪੌ: ੧੨)। ਦੇਖੋ, ‘ਪੰਚਾ’, ‘ਪਾਂਚਉ ਅੰਮ੍ਰਿਤ’, ‘ਪਾਂਚਉ ਲਰਿਕੇ’, ‘ਪੰਚ ਸਹਾਈ’, ‘ਪੰਚ ਸਿਕਦਾਰ’, ‘ਪੰਚ ਸਖੀ’, ‘ਪੰਚ ਸਖੇ’, ‘ਪੰਚ ਸੰਗ’, ‘ਪੰਚ ਸੰਗੀਤਾ’, ‘ਪੰਚ ਸਿੰਘ’, ‘ਪੰਚ ਸਬਦ’, ‘ਪੰਚ ਸਬਦੀ’, ‘ਪੰਚ ਸੈਲ’, ‘ਪੰਚ ਚੰਡਾਲ’, ‘ਪੰਚ ਚੋਰ’, ‘ਪੰਚ ਚੇਲੇ’, ‘ਪੰਚ ਜੋਗੀਆ’, ‘ਪੰਚ ਜਨਾ’, ‘ਪੰਚ ਤਤ’, ‘ਪੰਚ ਦਾਸ’, ‘ਪੰਚ ਦੁਸਟ’, ‘ਪੰਚ ਦੇਹੀ’, ‘ਪੰਚ ਦੋਖ’, ‘ਪੰਚ ਦੂਤ’, ‘ਪੰਚ ਧਾਤੁ’, ‘ਪੰਜ ਪੂਤ’, ‘ਪੰਚ ਪਦੇ’, ‘ਪੰਚ ਬਿਖਾਦੀ’, ‘ਪੰਚ ਬਜਿੰਤ੍ਰ’, ‘ਪੰਚ ਬਟਵਾਰਈ’, ‘ਪੰਚ ਬਾਣ’, ‘ਪੰਚ ਬੈਲ’, ‘ਪੰਚ ਭੂਆਤਮਾ’, ‘ਪੰਚ ਭੂ ਟੋਪੀ’, ‘ਪੰਚ ਭੂਤ’, ‘ਪੰਚ ਭੂ ਨਾਇਕੋ’, ‘ਪੰਚ ਮਨਾਇ’, ‘ਪੰਚ ਮਾਰਿ’, ‘ਪੰਚ ਮਰਦ’, ‘ਪੰਚ ਮਿਲੈ’, ‘ਪੰਚ ਰਾਸੀ’, ‘ਪੰਚ ਰੁਸਾਏ’, ‘ਪੰਚ ਲੋਕ’, ‘ਪੰਚ ਲੋਗ’, ‘ਪੰਚ ਵਸਹਿ’। *ਵੇਦ ਵਿੱਚ ਪੰਚ ਸ੍ਵਸਾਰਹ (=ਪੰਜਾਂ ਭੈਣਾਂ) ਪੰਜ ਉਂਗਲਾਂ ਨੂੰ ਲਿਖਦੇ ਹਨ ਤੇ ਦ੍ਵੀਹ ਪੰਚ ਸ੍ਵਾਸਾਰਹ=ਦਸ ਉਂਗਲਾਂ ਨੂੰ। ਸ਼ੁਰੂ ਸਮੇਂ ਮਨੁੱਖ ਪੰਜਾਂ ਦੀ ਗਿਣਤੀ, ਹੱਥ ਫੈਲਾ ਕੇ ਅਰਥਾਤ ਪੰਜੇ ਉਂਗਲਾਂ ਦਿਖਾ ਕੇ ਦੱਸਦੇ ਸਨ। ਇਸ ਕਰਕੇ ‘ਪੰਚ’ ਪਦ, ਜਿਸ ਦਾ ਅਰਥ ਹੈ ਫੈਲਾਉਣਾ, ਪੰਜਾਂ ਦੀ ਗਿਣਤੀ ਦਾ ਅਰਥ ਦੇਣ ਲੱਗ ਪਿਆ%**ਜਿਥੇ ਪੰਜ ਕਹਿ ਕੇ ਨਿਖੇਧੀ ਹੋਵੇ ਓਥੇ ਭਾਵ ਪੰਜ ਪਾਪ ਕਰਮ ਲੈਣੇ, ਜਿਥੇ ਪੰਜ ਵਿਧੀ ਹੋਣ ਓਥੇ ਪੰਜ ਗੁਣ-ਸਤ, ਸੰਤੋਖ, ਦਇਆ, ਧਰਮ, ਧੀਰਜ ਮਤਲਬ ਲੈਂਦੇ ਹਨ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found