[ਸੰ:। ਸੰਸਕ੍ਰਿਤ, ਵਾਦ੍ਯ=ਵਾਜਾ। ਧਾਤੂ ਵਦ੍ਹ੍ਹ=ਵੱਜਣਾ। ਪੰਜਾਬੀ, ਵੱਜਣਾ। ਹਿੰਦੀ, ਬਜਨਾ। ਬਾਜ=ਬਾਜੇ ਦੀ ਅਵਾਜ਼। ਬਾਜ*=ਸ਼ਬਦ] ੧. ਕਿਸੇ ਰਾਗ ਦੇ ਸਾਜ਼ ਦੀ ਅਵਾਜ਼। ਯਥਾ- ‘ਸੁਨੀਐ ਬਾਜੈ ਬਾਜ ਸੁਹਾਵੀ’ (੧੨੬੬)। ੨. ਢੋਲ ਆਦਿ ਦੀ ਅਵਾਜ਼ ਜੋ ਕਿਸੇ ਗੱਲ ਨੂੰ ਮਸ਼ਹੂਰ ਕਰਨ ਵਾਸਤੇ ਪਹਿਲੇ ਸੁਣਾ ਕੇ ਫੇਰ ਉਹ ਗੱਲ ਸੁਣਾਉਂਦੇ ਹਨ, ਇਸ ਤੋਂ ਬਾਜ ਪਦ ਦੇ ਅਰਥ-ਮਸ਼ਹੂਰੀ-ਹੋ ਗਏ ਹੋਣ। ਯਥਾ- ‘ਬਾਜ ਹਮਾਰੀ ਥਾਨ ਥਨੰਤਰਿ’ (੧੧੪੧), ਥਾਵਾਂ ਅਰ ਥਨੰਤਰਾਂ ਵਿਖੇ ਸਾਡੀ ਮਸ਼ਹੂਰੀ ਹੋ ਗਈ ਹੈ। ੩. [ਸੰ:। ਫ਼ਾਰਸੀ, ਬਾਜ਼] ਇਸ ਮਾਸ ਅਹਾਰੀ ਪੰਛੀ, ਜੋ ਚੀਲ ਦੇ ਲਗਪਗ ਹੁੰਦਾ ਹੈ। ਆਦਮੀ ਇਸ ਨੂੰ ਸਿਖਾ ਕੇ ਪੰਛੀਆਂ ਦਾ ਸ਼ਿਕਾਰ ਕਰਾਉਂਦੇ ਹਨ। ੪. ਜਿਵੇਂ ਬਾਜ ਅਚਾਨਕ ਪੰਛੀਆਂ ਨੂੰ ਮਾਰਦਾ ਹੈ ਤਿਵੇਂ ਮੌਤ ਮਾਰਦੀ ਹੈ, ਇਸ ਤੋਂ ਜਮਦੂਤ ਤੇ ਮੌਤ ਭਾਵ ਵੀ ਨਿਕਲਦਾ ਹੈ। ਯਥਾ- ‘ਬਾਜ ਪਏ ਤਿਸੁ ਰਬ ਦੇ’ (੧੩੮੩)। *ਮੱਧਮ, ਤਾਊਸ ਆਦਿਕ ਸਾਜ਼ਾਂ ਦੀ ਵੱਡੀ ਤਾਰ (ਜਿਸ ਦੇ ਉਪਰ ਮਿਜ਼੍ਰਾਬ ਯਾ ਗਜ਼ ਫਿਰੇ) ਨੂੰ ਵੀ ਬਾਜ ਆਖਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ