[email protected]

[ਸੰ:। ਸੰਸਕ੍ਰਿਤ, ਵਾਣਿ: ਧਾਤੂ ਵਣ੍ਹ੍ਹ=ਬੋਲਣਾ] ੧. ਅਵਾਜ਼, ਜੋ ਕੁਛ ਮੂੰਹ ਥੀਂ ਬੋਲਿਆ ਜਾਏ, ਬਚਨ। ਯਥਾ- ‘ਕੋਮਲ ਬਾਣੀ ਸਭ ਕਉ ਸੰਤੋਖੈ’ (੨੯੯), ਨਰਮ ਬਚਨ ਨਾਲ ਸਭ ਕਿਸੇ ਨੂੰ ਪ੍ਰਸੰਨ ਕਰੇ। ੨. ਉਹ ਸ਼ਬਦ ਜੋ ਵਾਹਿਗੁਰੂ ਤੋਂ ਹੋਵੇ। ਯਥਾ- ‘ਸੁਅਸਤਿ ਆਥਿ ਬਾਣੀ ਬਰਮਾਉ’ (੪)। ਦੇਖੋ, ‘ਬਰਮਾਉ’ ੩. ਉਹ ਬਚਨ ਜੋ ਸਤਿਗੁਰੂ ਦੇ ਮੂੰਹੋਂ ਨਿਕਲੇ, ਸਤਿਗੁਰੂ ਦਾ ਉਪਦੇਸ਼। ਯਥਾ- ‘ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ’ (੧੦੬੬)। ੪. ਗੁਰੁੂ ਦਾ ਦਿੱਤਾ ਨਾਮ ਉਪਦੇਸ਼, ਨਾਮ। ਯਥਾ- ‘ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ’ (੬੧੬), ਤਥਾ-’ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ’ (੬੭)। ੫. ਸਿਖ ਗੁਰੂ ਸਾਹਿਬਾਂ ਦੀ ਰਚੀ ਹੋਈ ਬਾਣੀ ਜਿਸ ਵਿੱਚ ਆਤਮ ਤਤ ਭਰੇ ਪਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਦਸਮੇ ਸਤਿਗੁਰਾਂ ਜੀ ਦੀ ਬਾਣੀ* । ਯਥਾ- ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥’ (੯੮੨), ਤਥਾ-’ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ’ (੯੩੫), ਇਸ ਬਾਣੀ ਨੂੰ ਅਕਸਰ ਸੱਚੀ ਬਾਣੀ ਤੇ ਗੁਰਬਾਣੀ ਕਰ ਕੇ ਲਿਖਿਆ ਹੈ। ਤਥਾ-’ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥’ (੯੨੦), ਤਥਾ-’ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ॥’ (੬੨੮)। ੬. ਹੋਰ ਕਵੀਸ਼ਰਾਂ, ਸਾਧੂਆਂ, ਅਨਭਿਗ ਚਿਤਾਂ ਦੀ ਉਚਰੀ ਹੋਈ ਰਚਨਾ। ਯਥਾ- ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ (੯੨੦), ਇਸ ਬਾਣੀ ਨੂੰ ਕੱਚੀ ਕਰ ਕੇ ਕਿਹਾ ਹੈ, ਇਸ ਤਰ੍ਹਾਂ ਵਿਸ਼ੇਖਣ ਨਾਲ ਲਗ ਲਗ ਕੇ ਬਾਣੀ ਦੇ ਅਰਥ ਵਖਰੇ ਹੁੰਦੇ ਜਾਂਦੇ ਹਨ। ਯਥਾ- ‘ਬਾਣੀ ਬ੍ਰਹਮ’ (੨੩੦), =ਵੇਦ ਬਾਣੀ। ਦੇਖੋ, ‘ਬਾਣੀ ਬ੍ਰਹਮ’ ਤਥਾ-’ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ’ (੭੭੩), ‘ਬਾਣੀ+ਬ੍ਰਹਮ+ਆਵੇਦ’। = ਉਹ ਬਾਣੀ ਜੋ ਬ੍ਰਹਮ ਦਾ ਗਿਆਨ ਸਿਖਾਵੇ। ੭. ਵਾਹਿਗੁਰੂ ਜੀ ਵੱਲੋਂ ਆਇਆ ਗਿਆਨ, ਇਲਹਾਮ। ਯਥਾ- ‘ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ’ (੬੨੮), ਜੋ ਬਾਣੀ ਸਤਿਗੁਰ ਮੂੰਹੋਂ ਉਚਾਰਦੇ ਹਨ ਉਹ ਧੁਰੋਂ ਆਈ ਬਾਣੀ ਯਾ ਇਲਹਾਮ ਹੁੰਦਾ ਹੈ। ਯਥਾ- ‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ’ (੩੦੮)। ੮. ਨਾਦ, ਸ਼ਬਦ-ਇਸੇ ਨੂੰ ਚਾਰ ਬਾਣੀ ਬੀ ਕਹਿੰਦੇ ਹਨ। ਇਸ ਦੇ ਚਾਰ ਟਿਕਾਣੇ ਪਹਿਲੇ ਚਾਰ ਚੱਕ੍ਰਾਂ ਵਿੱਚ ਜੋਗੀਆਂ ਨੇ ਮੰਨੇ ਹਨ। ਪਹਿਲੇ ਮੂਲਾਧਾਰ ਚਕ੍ਰ ਵਿੱਚੋਂ ਜੋ ਉਠੇ ਸੋ ਪਰਾ, ਜੋ ਇਥੋਂ ਉਠ ਕੇ ਹਿਰਦੇ ਵਿੱਚ ਪਹੁੰਚਦਾ ਹੈ ਤਦ ਪਸੰਤੀ ਯਾ ਪਸ਼ਯੰਤੀ, ਇਸ ਤੋਂ ਅੱਗੇ ਵਧ ਕੇ ਉਹ ਮਧਮੁ ਤੇ ਜਦ ਕੰਠ ਤੋਂ ਬਾਹਰ ਜ਼ਬਾਨ ਉੱਤੇ ਆਉਂਦੀ ਹੈ ਤਾਂ ਬੈਖਰੀ ਯਾ ਵੈਸ਼੍ਵਰੀ। ਯਥਾ: ‘ਖਾਣੀ ਚਾਰੇ ਬਾਣੀ ਭੇਦਾ’ (੮੩੯)। ੯. [ਪੰਜਾਬੀ, ਬਣਨਾ ਤੋਂ ਜੋ ਬਣੇ ਸੋ ਬਾਣੀ, ਬਾਨੀ] ਬਨਾਵਟ, ਗੋਂਦ, ਬਣਾਉ। ਯਥਾ- ‘ਖਟ ਦਰਸਨ ਕੀ ਬਾਣੀ’, ਤਥਾ-’ਬਰਖਸਿ ਬਾਣੀ ਬੁਦਬੁਦਾ ਹੇਰਿ’ (੧੧੮੭), ਭਾਵ (ਸਰੀਰ ਦੀ) ਬਨਾਵਟ ਬਰਖਾ ਦੇ ਬੁਦਬੁਦੇ ਸਮਾਨ (ਨਾਸ਼ਮਾਨ ਜਾਣ)। ਤਥਾ-’ਅਗਨਿ ਬਿੰਬ ਪਵਣੈ ਕੀ ਬਾਣੀ’ (੧੩੨੮), ਪਉਣ ਪਾਣੀ ਤੇ ਅੱਗ ਦੀ ਬਨਾਵਟ। ੧੦. [ਸੰ:। ਸੰਸਕ੍ਰਿਤ, ਬਾਣ:] ਬਾਣ, ਤੀਰ, ਭਾਵ ਵਿੱਚ ਦੁੱਖ। ਯਥਾ- ‘ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ’ (੮੭੭), ਤਥਾ-’ਹਰਿ ਪ੍ਰੇਮ ਬਾਣੀ ਮਨੁ ਮਾਰਿਆ’ (੪੪੯)। *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾ ਨੂੰ ਬਾਣੀ ਤੇ ਗੁਰਬਾਣੀ ਵੀ ਆਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜ੍ਹੀ ਭਗਤਾਂ ਦੀ ਰਚਨਾ ਨੂੰ ਵੀ ਬਾਣੀ ਤੇ ਭਗਤ ਬਾਣੀ ਕਹਿੰਦੇ ਹਨ। ਗੁਰੂ ਸਾਹਿਬ ਨੇ ਆਪ ਉਹਨਾਂ ਦੀ ਰਚਨਾ ਨੂੰ ਬਾਣੀ ਕਿਹਾ ਹੈ। ਯਥਾ- ‘ਸੁਰਿ ਨਰ ਤਿਨ ਕੀ ਬਾਣੀ ਗਾਵਹਿ’ (੬੭)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found