[email protected]

[ਸੰ:। ਸੰਸਕ੍ਰਿਤ, ਵੀਰ। ਪੰਜਾਬੀ, ਵੀਰ। ਹਿੰਦੀ, ਬੀਰ] ੧. ਭਰਾ*, ਸਕਾ ਭਰਾ। ਯਥਾ- ‘ਬੀਰ ਭਏ ਬੈਰਾਇ’ (੯੩੫)। ੨. ਸੰਬੋਧਨ ਹੈ, ਜੀਕੂੰ ਹੇ ਭਾਈ ਕਹੀਦਾ ਹੈ, ਉਕਰ ‘ਬੀਰ ਤੇ ਬੀਰਾ’ ਕਹਿ ਕੇ ਸੰਬੋਧਨ ਕਰੀਦਾ ਹੈ। ਤਥਾ-’ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ’ (੩੫੬), ਤਥਾ-’ਇਨ ਬਿਧਿ ਪਾਸਾ ਢਾਲਹੁ ਬੀਰ’ (੧੧੮੫)। ੩. ਮਰ ਗਏ ਦੀ ਰੂਹ। ਦੇਖੋ, ‘ਬੀਰ ਮਸਾਨ’ *ਸੰਸਕ੍ਰਿਤ ਪਦ ਹੈ-ਵੀਰ-ਜਿਸਦੇ ਅਰਥ ਹਨ, ਬਹਾਦਰ। ਇਸ ਤੋਂ ਛੁੱਟ ਪੁੱਤ੍ਰ ਤੇ ਪਤੀ ਨੂੰ ਵੀ ਕਹਿੰਦੇ ਹਨ, ਹੋਰ ਵੀ ਇਸ ਦੇ ਕਈ ਅਰਥ ਹਨ। ਪੰਜਾਬੀ ਵਿੱਚ ਵੀਰ, ਭਰਾ ਨੂੰ ਕਹਿੰਦੇ ਹਨ, ਅਰ ਇਸ ਪਦ ਦੇ ਭਾਵ ਵਿੱਚ ਭੈਣਾਂ ਵੱਲੋਂ ਡਾਢੇ ਮਿੱਠੇ ਪਿਆਰ ਦੀ ਅੰਸ ਹੈ। ਭਰਾ ਪਦ ਵਿੱਚ ਉਹ ਕੋਮਲਤਾ ਨਹੀਂ ਜੋ ਵੀਰ ਪਦ ਵਿੱਚ ਹੈ। ਇਸ ਦਾ ਕਾਰਣ ਇਹ ਹੈ ਕਿ ਪੰਜਾਬ ਨੂੰ ਹਮੇਸ਼ਾ ਪਛਮੋਤਰੀ ਹਮਲਾਆਵਰਾਂ ਨਾਲ ਟਾਕਰੇ ਕਰਨੇ ਪਏ ਹਨ ਤੇ ਇਸ ਧਰਤੀ ਦੇ ਬਹਾਦਰ ਅੱਗੇ ਹੋ ਕੇ ਜੂਝਦੇ ਰਹੇ ਹਨ। ਜਦੋਂ ਸੂਰਮੇ ਨਿੱਤਰਦੇ ਸਨ ਤਦ ਭੈਣਾਂ ਇਕ ਖ਼ਾਸ ਰਸਮ ਕਰਕੇ ਭਰਾਵਾਂ ਨੂੰ ਜੰਗ ‘ਤੇ ਟੋਰਦੀਆਂ ਤੇ ਵਾਪਸ ਆਏ ਨੂੰ ਖ਼ਾਸ ਰਸਮ ਨਾਲ ਜੀ ਆਇਆਂ ਨੂੰ ਕਹਿੰਦੀਆਂ ਸਨ। ਖ਼ਿਆਲ ਇਹ ਸੀ ਕਿ ਕੰਨਿਆ ਦੀ ਅਸੀਸ ਭਰਾ ਦੇ ਨਾਲ ਜਾਵੇ, ਜੁੱਧ ਵਿੱਚ ਸਹਾਈ ਹੋਵੇ ਤੇ ਜਿੱਤ ਕੇ ਘਰ ਆਏ ਦਾ ਆਦਰ ਹੋਵੇ। ਸੂਰਮੇ ਜੋ ਐਉਂ ਟੁਰਦੇ ਸਨ, ਸੋ ਇਹ ਸਮਝਦੇ ਸਨ ਕਿ ਸਾਡੀਆਂ ਭੈਣਾਂ, ਮਾਵਾਂ ਦੀ ਇੱਜ਼ਤ ਸਾਡੀ ਫ਼ਤਹ ਵਿੱਚ ਹੈ। ਇਸ ਕਰਕੇ ਦੁਵੱਲੀ ਇਕ ਅਸਚਰਜ ਭਾਵ ਉਤਪਤ ਹੁੰਦੇ ਸਨ। ਇਹਨਾਂ ਸੂਰਮੇ ਭਰਾਵਾਂ ਨੂੰ ਭੈਣਾਂ ਵੀਰ ਕਹਿੰਦੀਆਂ ਸਨ। ਐਉਂ ਸਹਿਜੇ ਸਹਿਜੇ ਵੀਰ ਦਾ ਅਰਥ ਭਰਾ ਹੋ ਗਿਆ, ਪਰ ਉਹ ਭਾਵਾਂ ਦੀ ਕੋਮਲਤਾ ਤੇ ਪਿਆਰ ਦੀ ਬਹੁਲਤਾ ਜੋ ਉਸ ਵੇਲੇ ‘ਬੀਰ’ ਨੂੰ ਮੈਦਾਨੇ ਜੰਗ ਟੋਰਨ ਵੇਲੇ ਹੁੰਦੀ ਸੀ, ਵੀਰ ਪਦ ਵਿੱਚ ਐਸੀ ਹੈ ਕਿ ਹੁਣ ਤੱਕ ਕਾਇਮ ਹੈ, ਅਰ ਇਸ ਦੇ ਤੁੱਲ ਕੋਈ ਹੋਰ ਕੋਮਲਤਾ ਤੇ ਪਿਆਰ ਅਰਥ ਵਾਲਾ ਪਦ ਲੱਭਣਾ ਕਠਨ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found