[ਸੰ:। ਸੰਸਕ੍ਰਿਤ, ਬੁਦ੍ਹ੍ਹਿਧ=ਉਹ ਅੰਦਰਲੀ ਸ਼ਕਤੀ ਜੋ ਗੱਲ ਦੀ ਸਮਝ ਯਾ ਨਿਰਣਾ ਕਰਦੀ ਹੈ] ੧. ਅਕਲ, ਮਤ, ਸਮਝ। ਯਥਾ- ‘ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ’ (੭੬)। ਦੇਖੋ, ‘ਬੁਧਿ ਸਿਆਣਪ’, ‘ਬੁਧਿ ਸਾਰ’, ‘ਬੁਧਿ ਬਲ’ ੨. ਉਹ ਸ਼ਕਤੀ ਜੋ ਭਲੇ ਬੁਰੇ ਦਾ ਨਿਰਣਾ ਕਰ ਕੇ ਫ਼ੈਸਲਾ ਕਰਦੀ ਹੈ ਕਿ ਇਹ ਠੀਕ ਹੈ। ਮਨ ਨੂੰ ਜੋ ਪਿਆਰੀ ਗੱਲ ਲਗੇ ਉਸ ਦੇ ਮਗਰ ਧਾਉਂਦਾ ਹੈ, ਬੁੱਧੀ ਦੱਸਦੀ ਹੈ ਕਿ ਇਹ ਜੋ ਪਿਆਰਾ ਲੱਗਾ ਹੈ ਸੱਚ ਮੁੱਚ ਠੀਕ ਤੇ ਸ੍ਰੇਸ਼ਟ ਹੈ ਕਿ ਨਹੀਂ। ਯਥਾ- ‘ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ’ (੩੩੯), ਤਥਾ-’ਮੰਨੈ ਸੁਰਤਿ ਹੋਵੈ ਮਨਿ ਬੁਧਿ’ (੩), ਸੁਰਤ ਉਹ ਜੋ ਬਨਸਪਤੀ, ਜੀਵ, ਮਨੁੱਖ ਸਭ ਵਿੱਚ ਹੈ; ਮਨ ਉਹ ਜੋ ਜੀਵਾਂ ਤੇ ਮਨੁੱਖਾਂ ਵਿੱਚ ਹੈ; ਬੁਧਿ ਉਹ ਜੋ (ਮਨ ਤੋਂ ਉੱਤੇ) ਮਨੁੱਖ ਵਿੱਚ ਹੈ; ਸਿਧਿ ਉਹ ਜੋ ਏਕਾਗਰਚਿਤਾਂ, ਪੂਰਨ ਮਹਾਤਮਾਂ ਯਾ ਦੇਵਤਿਆਂ ਵਿੱਚ ਹੈ। ੩. ਗਿਆਨ। ਯਥਾ- ‘ਬੁਧਿ ਬਲ ਹੀਨੀ’ (੨੦੪), ਗਿਆਨ ਦੇ ਬਲ ਤੋਂ ਖ਼ਾਲੀ ਹੈ। ੪. ਅਕਲਮੰਦੀ, ਸ਼ੁਭ ਸਿਖਿਆ। ਯਥਾ- ‘ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ’ (੧੦੦)। ੫. [ਸੰਸਕ੍ਰਿਤ, ਬੁਦ੍ਹ੍ਹਧ] ਬੁਧ, ਇਕ ਅਵਤਾਰ ਜੀ ਦਾ ਨਾਮ, ਜਿਸ ਨੇ ਬੌਧ ਮਤ ਤੋਰਿਆ ਸੀ। ਆਪ ਦਾ ਜਨਮ ਈਸਾ ਤੋਂ ੫੫੦ ਵਰ੍ਹੇ ਪਹਿਲੋਂ ਹਿੰਦੁਸਤਾਨ ਦੇ ਮਗਧ ਦੇਸ਼ ਦੇ ਉਤਰ ਨੇਪਾਲ ਦੇ ਹੇਠਾਂ ਲੁੰਬਨੀ ਗ੍ਰਾਮ ਵਿੱਚ ਹੋਇਆ ਸੀ, ਆਪ ਰਾਜਾ ਦੇ ਪੁਤ੍ਰ ਸੇ, ਨਾਮ ਸ਼ਾਕੀ ਮੁਨੀ ਯਾ ਸਿੱਧਾਰਥ ਸੀ। ਰਾਜ ਵਿੱਚ ਉਦਾਸ ਰਹਿੰਦੇ ਸੇ। ਇਕ ਬੀਮਾਰ, ਇਕ ਮੁਰਦੇ, ਇਕ ਬਿਰਧ ਨੂੰ ਦੇਖ ਕੇ ਵੈਰਾਗ ਹੋ ਗਿਆ ਤੇ ਰਾਜ ਭਾਗ ਛੱਡ ਸਾਧੂ ਹੋਏ, ਕਈ ਬਰਸ ਤਪ ਕਰ ਕੇ ਨਿਰਾਸ ਹੋਏ, ਫੇਰ ਗਯਾ ਵਿੱਚ ਆਪ ਨੂੰ ਗਿਆਨ ਹੋਇਆ, ਤਦ ਤੋਂ ਨਾਮ ਸੁਧ ਤੇ ਬੁਧ ਹੋਇਆ। ਇਹਨਾਂ ਆਪਣਾ ਮੱਤ ਤੋਰਿਆ, ਸਾਰੀ ਉਮਰਾ ਇਸੇ ਦਾ ਪ੍ਰਚਾਰ ਕਰਦੇ ਰਹੇ। ਮਗਰੋਂ ਇਹਨਾਂ ਦਾ ਧਰਮ ਹਿੰਦ ਦਾ ਰਾਜ ਧਰਮ ਹੋਇਆ। ਨੇਪਾਲ, ਤਿੱਬਤ, ਸੀਲੋਨ, ਬਰਮਾ, ਚੀਨ, ਜਪਾਨ, ਅਫ਼ਗ਼ਾਸਿਤਾਨ, ਤੁਰਕਸਤਾਨ, ਦੂਰ ਦੂਰ ਤੱਕ ਫੈਲ ਗਿਆ। ਇਹ ਕਰਮ ਦੇ ਪ੍ਰਤਿਪਾਦਕ ਸਨ, ਆਚਰਣ ਦੀ ਸ਼ੁੱਧੀ ਤੇ ਵਾਸ਼ਨਾ ਦੇ ਤਿਆਗ ਤੇ ਨਿਰਬਾਣ ਯਾ ਮੁਕਤੀ ਮੰਨਦੇ ਸੇ। ਫ਼ਲਸਫ਼ਾ ਇਹਨਾਂ ਦਾ ਸ਼ਾਂਖ ਨਾਲ ਬਹੁਤ ਮਿਲਦਾ ਹੈ। ਮਜ਼ਹਬ ਇਹਨਾਂ ਦਾ ਸ਼ੁਭ ਕਰਮ ਦਾ ਪ੍ਰਤਿਪਾਦਕ ਹੈ। ਯਥਾ- ‘ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ’ (੬੬੯)। ੬. ਇਕ ਗ੍ਰਹਿ ਦਾ ਨਾਮ। ਯਥਾ- ‘ਕੇਤੇ ਸਿਧ ਬੁਧ ਨਾਥ ਕੇਤੇ’ (੭), ਏਥੇ ਬੁੱਧ ਤੋਂ ਮੁਰਾਦ ਬੁੱਧ ਅਵਤਾਰ ਵੀ ਹੋ ਸਕਦਾ ਹੈ। ੭. ਬੁੱਧ ਇਕ ਗ੍ਰਹਿ ਹੈ, ਇਸ ਦੇ ਨਾਮ ਤੇ ਇਕ ਦਿਨ ਦਾ ਨਾਮ ਹੈ, ਜੋ ਮੰਗਲਵਾਰ ਤੇ ਵੀਰਵਾਰ ਦੇ ਵਿਚਕਾਰ ਆਉਂਦਾ ਹੈ, ਇਸ ਨੂੰ ਬੁੱਧ ਤੇ ਬੁਧਵਾਰ ਕਰ ਕੇ ਬੋਲਦੇ ਹਨ। ਦੇਖੋ, ‘ਬੁਧਵਾਰ’
ਬੁਧ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ