[ਸੰ:। ਸੰਸਕ੍ਰਿਤ, ਰਜਨੀ। ਪ੍ਰਾਕ੍ਰਿਤ, ਰਯਣੀ। ਪੁ: ਪੰਜਾਬੀ, ਰਯਨੀ, ਰੈਣੀ। ਪੰਜਾਬੀ, ਰੈਣ, ਰੈਨ] ੧. ਰਾਤ। ਯਥਾ- ‘ਰੈਣਿ ਦਿਨਸੁ ਰਹੈ ਇਕ ਰੰਗਾ’ (੧੮੧), ਦੇਖੋ, ‘ਰਯਨਿ’, ‘ਰੈਨ’ ੨. ਰੈਣ ਤੋਂ ਭਾਵ-ਉਮਰਾ, ਅਰਥਾਤ ਅਵਸਥਾ ਦਾ ਵੀ ਹੈ। ਕਾਰਣ ਇਹ ਹੈ ਕਿ ਮਰਨ ਬਾਦ ਅਗਲੀ ਹਾਲਤ ਦਿਨ ਵਤ ਰੌਸ਼ਨ ਹੈ ਤੇ ਇਸ ਜੱਗ ਵਿਚ ਸਾਡੀ ਹਾਲਤ ਘੁਸਮੁਸਾਲੀ ਜੇਹੀ ਹੈ। ਸਾਡੀ ਹਾਲਤ ਸਾਡੀ ਉਮਰ ਯਾ ਅਵਸਥਾ ਹੈ, ਇਸੇ ਕਰਕੇ ਰੈਣ ਦੀ ਮੁਰਾਦ ਇਸ ਜੱਗ ਦੀ ਸਾਡੀ ਬੀਤ ਰਹੀ ਉਮਰ ਹੈ। ਯਥਾ- ‘ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ’ (੩੬), ਤਥਾ-’ਸਭ ਚਲੀ ਰੈਣ ਵਿਹਾਦੀ’ (੭੭), ਤਥਾ-’ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ’ (੭੪)। ੩. ਰਾਤ ਕਾਲੀ ਹੁੰਦੀ ਹੈ, ਕੇਸ ਕਾਲੇ ਹੁੰਦੇ ਹਨ, ਕੇਸ ਕਾਲੇ ਜਵਾਨੀ ਵਿਚ ਹੁੰਦੇ ਹਨ, ਇਸ ਕਰਕੇ ‘ਜਵਾਨੀ’ ਵੀ ਰੈਣ ਦਾ ਭਾਵ ਹੁੰਦਾ ਹੈ। ਦੇਖੋ, ‘ਰੈਣਿ’ ੪. ਰੈਣ ਹਨੇਰੇ ਵਾਲੀ ਹੁੰਦੀ ਹੈ, ਅਵਿਦਿਆ ਵੀ ਹਨੇਰਾ ਹੈ। ਇਸ ਕਰਕੇ ‘ਅਵਿਦਿਆ’ ਵੀ ਇਸ ਦਾ ਭਾਵ ਹੈ। ਯਥਾ- ‘ਰੈਣਿ ਅੰਧਾਰੀ ਨਿਰਮਲ ਜੋਤਿ’ (੮੩੧)। ਦੇਖੋ, ‘ਕਿਰਾਖੀ’।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ