[ਸੰ:। ਸੰਸਕ੍ਰਿਤ, ਰੰਗ = ਵਰਣ। ਖੇਲ, ਅਖਾੜਾ। ‘ਰੰਗ’ ਤੇ ‘ਰਾਗ’ ਪਦ ਦਾ ਧਾਤੂ ਇਕੋ ‘ਰੰਜ੍ਹ੍ਹ’ ਹੋਣ ਕਰਕੇ ਹੋਰ ਅਰਥ ਏਹ ਹਨ-ਪਿਆਰ, ਅਨੰਦ। ਫ਼ਾਰਸੀ*, ਰੰਗ = ਵਰਣ] ੧. ਰੰਗ ਜੋ ਵਡੇ ਵਡੇ ਸਤ ਹਨ-ਲਾਲ, ਪੀਲਾ, ਨੀਲਾ, ਸਾਵਾ, ਵੈਂਗਣੀ, ਆਸਮਾਨੀ, ਸੰਤਰੇ ਵਰਗਾ। ਦੇਖੋ, ‘ਰੰਗ ਪਰੰਗ’, ‘ਰੰਗ ਮਹਲ’ ੨. ਅਨੰਦ, ਖ਼ੁਸ਼ੀ। ਯਥਾ- ‘ਰੰਗਿ ਰਲੀਆ ਮਾਣਹੁ ਮੇਰੇ ਪਿਆਰੇ’ (੪੫੧), ਤਥਾ-’ਗੁਨ ਗਾਏ ਰੰਗਿ ਰਾਂਗੀ’ (੧੨੬੭), ਅਨੰਦ ਵਿਚ (ਰਾਗੀ) ਰੰਗੇ ਹੋਏ। ਤਥਾ-’ਘਰੀ ਮੁਹਤ ਰੰਗ ਮਾਣਹਿ’ (੪੦੩)। ਦੇਖੋ, ‘ਰੰਗ ਮਹਲੀ’, ‘ਰੰਗ ਰਾਇ’, ‘ਰੰਗ ਰਟਿਆ’ ੩. ਪ੍ਰੇਮ। ਯਥਾ- ‘ਦੇਹੁ ਦਰਸੁ ਮਨਿ ਰੰਗੁ ਲਗਾ’ (੧੦੮੩), ਤਥਾ-’ਹਰਿ ਰੰਗੁ ਅਖਾੜਾ ਪਾਇਓਨੁ’ (੫੪੧), ਪ੍ਰੇਮ ਦਾ ਅਖਾੜਾ। ਤਥਾ-’ਰੰਗੁ ਨ ਲਗੀ ਪਾਰਬ੍ਰਹਮ’ (੭੦)। ੪. [ਸੰਸਕ੍ਰਿਤ, ਰੰਕ ਤੋਂ ਪੰਜਾਬੀ, ਰੰਗ] ਕੰਗਾਲ। ਯਥਾ- ‘ਰੰਗੁ ਨ ਤੁੰਗੁ ਫਕੀਰੁ’ (੯੩੬)। ੫. ਮਨ ਨੂੰ ਰੰਜਣ (ਖ਼ੁਸ਼) ਕਰਨ ਵਾਲੇ ਭਾਵ। ਯਥਾ- ‘ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ’ (੧੩੪), ਮਨ ਨੂੰ ਭਾਉਣ ਵਾਲੇ ਸਾਰੇ ਭਾਵ ਨਾਰਾਇਣ ਵਿਚ ਹਨ। ੬. ਮਨ ਦੇ ਤੰ੍ਰਗ, ਮੌਜ। ਯਥਾ- ‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ’ (੪੭੩)। ੭. ਖੇਲ। ਯਥਾ- ‘ਰੰਗ ਤਮਾਸੇ ਬਹੁ ਬਿਧੀ’ (੭੦)। ੮. ਜਿਕੂੰ ‘ਰਸ’ ਸ਼ਬਦ ਨਾਮ, ਪ੍ਰੇਮ ਆਦਿ ਪਦਾਂ ਨਾਲ ਵਰਤਿਆ ਗਿਆ ਹੈ, ਤਿਵੇਂ ‘ਰੰਗ’ ਪਦ ਵੀ ਪ੍ਰੇਮ, ਨਾਮ, ਹਰਿ ਆਦਿ ਪਦਾਂ ਨਾਲ ਆਉਂਦਾ ਹੈ। ਓਥੇ ਰੰਗ ਤੋਂ ਮੁਰਾਦ ਉੱਚੀ ਤੇ ਰਸ ਭਰੀ, ਪ੍ਰੇਮ ਭਰੀ, ਇਕ ਪ੍ਰਕਾਰ ਦੀ ਹਾਲਤ ਯਾ ਅਵਸਥਾ ਤੋਂ ਹੁੰਦੀ ਹੈ। ਯਥਾ- ‘ਪ੍ਰੇਮ ਨ ਲਾਗੋ ਰੰਗ’। *ਫ਼ਾਰਸੀ ਬੋਲੀ ਵਿਚ ‘ਰੰਗ’ ਪਦ ਦੇ ੪੬ ਦੇ ਲਗਪਗ ਅਰਥ ਹਨ-ਵੰਨ, ਖ਼ੁਸ਼ੀ, ਨਫ਼ਾ, ਵਰਗਾ, ਰੰਜ, ਰੌਣਕ, ਸ਼ਰਮ, ਕਿਸਮਤ, ਮਾਲ, ਗੁੱਸਾ, ਗੁਦੜੀ, ਮਾਲਕ, ਬੁਰਾ ਆਦਿਕ। ਮੂਲ ਸੰਸਕ੍ਰਿਤ ਪਦ ‘ਰੰਗ’ ਹੀ ਜਾਪਦਾ ਹੈ।
ਰੰਗ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ