ਦੇਖੋ, ਸੂਤ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਸੂਤੁ[ਸੰ:। ਸੰਸਕ੍ਰਿਤ, ਸੂਤ੍ਰ=ਧਾਗਾ, ਕਾਇਦਾ] ੧. ਧਾਗਾ, ਡੋਰ, ਸੂਤ੍ਰ। ਯਥਾ- ‘ਦਇਆ ਕਪਾਹ ਸੰਤੋਖੁ ਸੂਤੁ’ (੪੭੧)। ਦੇਖੋ ‘ਸੂਤ ਕੇ ਹਟੂਆ’ ੨. ਅੱਡ ਅੱਡ ਸਾਮਾਨਾਂ ਨੂੰ ਉਨ੍ਹਾਂ ਦੇ ਯਥਾਯੋਗ ਟਿਕਾਣਿਆਂ ਤੇ ਪਰਸਪਰ ਨੇੜੇ ਦੂਰੀਆਂ ਤੇ ਪ੍ਰਬੰਧ ਅਨੁਕੂਲ ਰਖਣਾ। ਜਗਤ ਪ੍ਰਬੰਧ, ਦੀ ਯਥਾਰਥ ਦਸ਼ਾ* । ਯਥਾ- ‘ਸੰਤੋਖੁ ਥਾਪਿ ਰਖਿਆ ਜਿਨਿ ਸੂਤਿ’ (੩), ਸੰਤੋਖ ਨਾਲ ਜਿਸ ਨੇ ਪ੍ਰਬੰਧ ਨੂੰ ਠੀਕ ਰਖਿਆ ਹੈ, ਅਥਵਾ ਪ੍ਰਬੰਧ ਦੇ ਸੂਤ ਨੂੰ ਉਲਝਨ ਨਹੀਂ ਦਿੰਦਾ। ੩. [ਸੂਤ ਟੁੱਟਿਆਂ ਮਾਲਾ ਵਿਸਰਜਨ ਹੋ ਜਾਂਦੀ ਹੈ, ਇਸ ਤੋਂ ਉਪਲਖਤ, ਪ੍ਰਾਣ ਯਾ ਚੇਤਨ ਸੱਤਾ ਜਿਸ ਦੇ ਟੁੱਟਿਆਂ ਸਰੀਰ ਨਹੀਂ ਰਹਿੰਦਾ] ਚੇਤਨ ਸੱਤਾ। ਯਥਾ- ‘ਸੂਤੁ ਖਿੰਚੇ ਢਹਿ ਢੇਰੀ ਹੋਇ’ (੬੦੫), ਚੇਤਨ ਸੱਤਾ ਵਾ ਪ੍ਰਾਣਾਂ ਦੇ ਖਿੱਚੇ ਜਾਣ ਤੋਂ (ਸਰੀਰ) ਢਹਿ ਕੇ ਢੇਰੀ ਹੋ ਜਾਂਦਾ ਹੈ। ੪. [ਕਾਇਦਾ, ਕਾਨੂੰਨ] ਪਾਤਸ਼ਾਹ ਦੇ ਕਾਨੂੰਨ ਓਸਦੇ ਹੁਕਮ ਹੁੰਦੇ ਹਨ, ਇਸ ਲਈ ਹੁਕਮ ਅਰਥ ਵਿੱਚ ਵੀ ਵਰਤੀਂਦਾ ਹੈ। ਯਥਾ- ‘ਸਗਲ ਸਮਗ੍ਰੀ ਸੂਤਿ ਤੁਮਾਰੇ’ (੭੪੦), ਅਰਥਾਤ ਸਾਰੀ ਸਮੱਗ੍ਰੀ ਤੁਸਾਡੇ ਹੁਕਮ ਵਿੱਚ ਹੈ, ਅਥਵਾ ਏਥੇ ਤੁਸਾਡੇ ਪ੍ਰਬੰਧ ਵਿੱਚ ਹੈ। ੫. [ਸੂਤ ਤੋਂ ਜਨੇਊ ਬਣਦਾ ਹੈ, ਇਸ ਵਾਸਤੇ] ਜਨੇਊ। ਯਥਾ- ‘ਸੂਤੁ ਪਾਇ ਕਰੇ ਬੁਰਿਆਈ’ (੯੫੧)। ੬. [ਕੰਧ ਦੀ ਸਿਧਾਈ ਰਾਜ ਲੋਕ ਇਕ ਲੋਹੇ ਦੇ ਲਾਟੂ (ਸਾਹਲ) ਨਾਲ ਬੱਧੇ ਸੂਤ ਨਾਲ ਵੇਖਦੇ ਹਨ, ਇਸ ਤੋਂ ਕਿਸੇ ਨੇਕ, ਸ਼ੁੱਧ ਚੰਗੇ ਵਰਤਾਉ ਨੂੰ ਯਾ ਹਾਲਤ ਨੂੰ ਵੀ ਸੂਤ ਕਹਿ ਲੈਂਦੇ ਹਨ] ਨੇਕ ਵਰਤਾਉ। ਯਥਾ- ‘ਬਾਹਰਿ ਸੂਤੁ ਸਗਲ ਸਿਉ ਮਉਲਾ’ (੩੮੪), ਅਰਥਾਤ ਬਾਹਰੋਂ ਸਭ ਨਾਲ ਸਾਡਾ ਖੇੜੇ ਵਾਲਾ ਨੇਕ ਵਰਤਾਉ ਹੈ। ਦੇਖੋ, ‘ਸੂਤ੍ਰਿ ਧਾਰੀ’ *Harmony.